ਪੱਤਰ ਪ੍ਰੇਰਕ
ਚੇਤਨਪੁਰਾ, 14 ਨਵੰਬਰ
ਦੇਸ਼ ਭਗਤ, ਆਜ਼ਾਦੀ ਘੁਲਾਟੀਏ, ਪੱਤਰਕਾਰ ਅਤੇ ਕਮਿਊਨਿਸਟ ਪਾਰਟੀ ਦੇ ਬਾਨੀ ਕਾਮਰੇਡ ਸੋਹਨ ਸਿੰਘ ਜੋਸ਼ ਦੇ ਜਨਮ ਦਿਨ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ (ਦਿਹਾਤੀ) ਵੱਲੋਂ ਉਨ੍ਹਾਂ ਦੇ ਪਿੰਡ ਚੇਤਨਪੁਰਾ ਵਿਚ ਖੱਬੀਆਂ ਪਾਰਟੀਆਂ ਦੇ ਸਹਿਯੋਗ ਨਾਲ ਅੱਜ ਕਿਸਾਨ ਅੰਦੋਲਨ ਨੂੰ ਸਮਰਪਿਤ ਕਾਨਫਰੰਸ ਕੀਤੀ ਗਈ। ਉਨ੍ਹਾਂ ਦੀ ਯਾਦਗਰ ’ਤੇ ਝੰਡਾ ਲਹਿਰਾਉਣ ਦੀ ਰਸਮ ਟਹਿਲ ਸਿੰਘ ਚੇਤਨਪੁਰਾ ਵੱਲੋਂ ਅਦਾ ਕੀਤੀ ਗਈ। ਉਸ ਤੋਂ ਬਾਅਦ ਉਨ੍ਹਾਂ ਦੀ ਯਾਦ ਵਿੱਚ ਬਣੇ ਪਾਰਕ ਵਿੱਚ ਕਾਨਫਰੰਸ ਕੀਤੀ ਗਈ।
ਇਸ ਦੀ ਸ਼ੁਰੂਆਤ ਵਿੱਚ ਪਿਛਲੇ ਦਿਨੀਂ ਵਿਛੜੇ ਸਾਥੀ ਗੁਰਭੇਜ ਸਿੰਘ ਸੈਦੋਲੇਲ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਜਲੀ ਭੇਟ ਕੀਤੀ ਗਈ। ਉਪਰੰਤ ਕਾਮਰੇਡ ਜੋਸ਼ ਦੀ ਸਵੈ-ਜੀਵਨੀ ‘ਮਾਈ ਟਰਿਸਟ ਵਿੱਦ ਸੈਕੁਲਰਇਜਮ’ ਜੋ ਉਨ੍ਹਾਂ ਵੱਲੋਂ ਅੰਗਰੇਜ਼ੀ ਵਿੱਚ ਲਿਖੀ ਸੀ, ਦਾ ਪੰਜਾਬੀ ਅਨੁਵਾਦ ‘ਇਨਕਲਾਬ ਦੇ ਪੈਂਡੇ ਤੁਰਦਿਆਂ’ ਲੋਕ ਅਰਪਣ ਕੀਤੀ ਗਈ। ਇਸ ਦਾ ਅਨੁਵਾਦ ਕਾਮਰੇਡ ਗੁਰਨਾਮ ਸਿੰਘ ਕੰਵਰ ਨੇ ਕੀਤਾ ਹੈ।
ਇਸ ਕਾਨਫਰੰਸ ਨੂੰ ਸੀਪੀਆਈ ਪੰਜਾਬ ਦੇ ਸਕੱਤਰ ਬੰਤ ਬਰਾੜ, ਲਖਬੀਰ ਸਿੰਘ ਨਿਜ਼ਾਮਪੁਰਾ, ਬਲਕਾਰ ਸਿੰਘ ਦੁਧਾਲਾ, ਮੁਲਾਜ਼ਮ ਆਗੂ ਬਲਕਾਰ ਸਿੰਘ ਵਲਟੋਹਾ, ਕੁਲਵੰਤ ਸਿੰਘ ਮੱਲੂਨੰਗਲ, ਧਨਵੰਤ ਸਿੰਘ ਖਤਰਾਏ ਅਤੇ ਸੁੱਚਾ ਸਿੰਘ ਖਤਰਾਏ ਕਲਾਂ, ਕਾਮਰੇਡ ਜੋਸ਼ ਦੇ ਪੋਤਰੇ ਡਾ. ਪਰਮਜੀਤ ਸਿੰਘ ਜੋਸ਼ ਅਤੇ ਸੁਖਵੰਤ ਸਿੰਘ ਚੇਤਨਪੁਰੀ ਨੇ ਸੰਬੋਧਨ ਕੀਤਾ। ਇਸ ਸਮੇਂ ਲੋਕ ਕਲਾ ਮੰਚ ਮਜੀਠਾ ਦੇ ਕਲਾਕਾਰਾਂ ਵੱਲੋਂ ਲੇਖਕ ਨਿਰਦੇਸ਼ਕ ਗੁਰਮੇਲ ਸਿੰਘ ਸ਼ਾਮਨਗਰ ਦੀ ਅਗਵਾਈ ਹੇਠ ਇਨਕਲਾਬੀ ਨਾਟਕ ਖੇਡੇ ਗਏ।