ਪੱਤਰ ਪ੍ਰੇਰਕ
ਤਰਨ ਤਾਰਨ, 25 ਜਨਵਰੀ
ਇੱਥੇ ਕੌਮੀ ਵੋਟਰ ਦਿਵਸ ਮੌਕੇ ਅੱਜ ਆਨਲਾਈਨ ਸਮਾਗਮ ਰਾਹੀਂ ਲੋਕਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ ਗਿਆ| ਇਸ ਮੌਕੇ ਲੋਕਾਂ ਨੇ ਵੋਟ ਪਾਉਣ ਸਬੰਧੀ ਸਹੁੰ ਵੀ ਚੁੱਕੀ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਕੀਤੇ ਸਮਾਗਮ ਵਿੱਚ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਜਗਵਿੰਦਰਜੀਤ ਸਿੰਘ ਗਰੇਵਾਲ, ਜ਼ਿਲ੍ਹਾ ਮਾਲ ਅਧਿਕਾਰੀ ਅਦਿੱਤਿਆ ਗੁਪਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ 18 ਤੋਂ 19 ਸਾਲ ਦੇ ਨੌਜਵਾਨਾਂ ਨੂੰ ਵੋਟ ਦੇ ਹੱਕ ਦੀ ਸਹੀ ਵਰਤੋਂ ਦੀ ਪ੍ਰੇਰਣਾ ਦੇਣ ਲਈ ਪਿਛਲੇ 6 ਮਹੀਨਿਆਂ ਤੋਂ ਸਵੀਪ ਗਤੀਵਿਧੀਆਂ ਜਾਰੀ ਕੀਤੀਆਂ ਹੋਈਆਂ ਹਨ। ਇਸ ਦੌਰਾਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਲੋਕਾਂ ਨੂੰ ਆਪਣੀ ਵੋਟ ਬਿਨਾਂ ਕਿਸੇ ਡਰ, ਲਾਲਚ ਅਤੇ ਭੈਅ ਜਾਂ ਦਬਾਅ ਤੋਂ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸਮਾਗਮ ਵਿੱਚ ਜ਼ਿਲ੍ਹਾ ਚੋਣ ਅਧਿਕਾਰੀ ਨੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ 5 ਨਵੇਂ ਬਣੇ ਵੋਟਰਾਂ ਨੂੰ ਐਪਿਕ ਕਾਰਡ ਦੇ ਕੇ ਸਨਮਾਨਿਤ ਵੀ ਕੀਤਾ।
ਸ਼ਾਹਕੋਟ (ਪੱਤਰ ਪ੍ਰੇਰਕ): ਸਰਕਾਰੀ ਮਿਡਲ ਸਕੂਲ ਸੀਚੇਵਾਲ ਵਿਚ ਅੱਜ ਕੌਮੀ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਜਾਣੂ ਕਰਵਾਉਦਿਆਂ ਉਨ੍ਹਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਫਗਵਾੜਾ (ਪੱਤਰ ਪ੍ਰੇਰਕ): ਕੌਮੀ ਵੋਟਰ ਦਿਵਸ ਦੇ ਸਬੰਧ ’ਚ ਸਮਾਗਮ ਹਿੰਦੋਸਤਾਨ ਵੈੱਲਫੇਅਰ ਡੋਨਰਜ਼ ਕਲੱਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਾਰਾਏ ਵਿੱਚ ਕਰਵਾਇਆ ਗਿਆ।
ਫਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਪੰਡਤ ਮੋਹਨ ਲਾਲ ਐੱਸਡੀ ਕਾਲਜ ਗਰਲਜ਼ ਫਤਿਹਗੜ੍ਹ ਚੂੜੀਆਂ ਵਿੱਚ ਪ੍ਰਿੰਸੀਪਲ ਪ੍ਰਦੀਪ ਕੌਰ ਦੀ ਅਗਵਾਈ ਹੇਠ ਵਿਦਿਆਰਣਾਂ ਵੱਲੋਂ ਕੌਮੀ ਵੋਟਰ ਦਿਵਸ ਮਨਾਇਆ ਗਿਆ।
ਪਠਾਨਕੋਟ (ਪੱਤਰ ਪ੍ਰੇਰਕ): ਮਨਵਾਲ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਕੌਮੀ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ ਸੁਜਾਨਪੁਰ ਵਿਧਾਨ ਸਭਾ ਦੇ ਉਮੀਦਵਾਰ ਠਾਕੁਰ ਅਮਿਤ ਸਿੰਘ ਮੰਟੂ ਤੇ ਵਰਕਰਾਂ ਨੇ ਲੋਕਾਂ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਦੀ ਸਹੁੰ ਵੀ ਚੁਕਾਈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਸੋਮਰਸੈੱਟ ਇੰਟਰਨੈਸ਼ਨਲ ਸਕੂਲ ਵਿੱਚ ਕੌਮੀ ਵੋਟਰ ਦਿਵਸ ਮਨਾਇਆ ਗਿਆ। ਇਸ ਸਬੰਧੀ ਵਿਦਿਆਰਥੀਆਂ ਦੀ ਆਨਲਾਈਨ ਗਤੀਵਿਧੀ ਕਰਵਾਈ, ਜਿਸ ਵਿੱਚ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਸਕੂਲ ਪ੍ਰਿੰਸੀਪਲ ਵਨੀਤਾ ਚੱਢਾ, ਮੈਨੇਜਿੰਗ ਡਾਇਰੈਕਟਰ ਜੈਦੀਪਸਿੰਘ ਤੇ ਚੇਅਰਮੈਨ ਮਹਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ।
ਧਾਰੀਵਾਲ (ਪੱਤਰ ਪ੍ਰੇਰਕ): ਸਰਕਾਰੀ ਹਾਈ ਸਕੂਲ ਪਸਨਾਵਾਲ ਵਿੱਚ ਮੁੱਖ ਅਧਿਆਪਕ ਦਵਿੰਦਰ ਸ਼ਰਮਾ ਦੀ ਅਗਵਾਈ ਹੇਠ ਵੋਟਰ ਦਿਵਸ ਮਨਾਇਆ ਗਿਆ।
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਵਲੋਂ ਕੌਮੀ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ ਦਫ਼ਤਰੀ ਸਟਾਫ, ਯੂਨਿਟ ਸਟਾਫ, ਸਮੂਹ ਥਾਣਿਆਂ ਤੇ ਚੌਕੀਆਂ ਦੇ ਸਾਰੇ ਪੁਲੀਸ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਇੰਚਾਰਜਾਂ ਨੇ ਵੋਟ ਦੀ ਵਰਤੋਂ ਤੇ ਚੋਣਾਂ ਸਮੇਂ ਸ਼ਾਂਤੀ ਬਰਕਰਾਰ ਰੱਖਣ ਦੀ ਸਹੁੰ ਚੁਕਾਈ।