ਪੱਤਰ ਪ੍ਰੇਰਕ
ਤਰਨ ਤਰਨ, 30 ਜੁਲਾਈ
ਸੀਬੀਐੱਸਈ ਵੱਲੋਂ ਅੱਜ 12ਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਲੜਕੀਆਂ ਨੇ ਲੜਕਿਆਂ ਨੂੰ ਮਾਤ ਦਿੱਤੀ| ਸਥਾਨਕ ਗੁਰੂ ਨਾਨਕ ਦੇਵ ਅਕੈਡਮੀ ਨੂਰਦੀ ਰੋਡ ਦੀ ਪ੍ਰਿੰਸੀਪਲ ਗੁਰਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ ਕਾਮਰਸ ਗਰੁੱਪ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ 95.8 ਫੀਸਦ, ਜਸ਼ਨਪ੍ਰੀਤ ਕੌਰ ਨੇ 95.6 ਫੀਸਦ ਅਤੇ ਸਿਮਰਨਪ੍ਰੀਤ ਕੌਰ ਨੇ 95 ਫੀਸਦ ਅੰਕ ਪ੍ਰਾਪਤ ਕੀਤੇ ਹਨ| ਇਸੇ ਤਰ੍ਹਾਂ ਮਾਤਾ ਗੁਜਰੀ ਕਾਨਵੈਂਟ ਸਕੂਲ ਸਰਹਾਲੀ ਕਲਾਂ ਦੀ ਪ੍ਰਿੰਸੀਪਲ ਗੀਤਾ ਕੁਕਰੇਜਾ ਨੇ ਦੱਸਿਆ ਕਿ ਸਕੂਲ ਦੇ ਸਾਇੰਸ ਗਰੁੱਪ ਵਿਚੋਂ ਸੰਦੀਪ ਕੌਰ ਨੇ 95.4 ਫੀਸਦ, ਜਸ਼ਨਦੀਪ ਕੌਰ ਨੇ 92.4 ਫੀਸਦ ਅਤੇ ਗੁਰਜੰਟ ਸਿੰਘ ਨੇ 91.2 ਫੀਸਦ ਅੰਕ ਪ੍ਰਾਪਤ ਕੀਤੇ ਹਨ। ਸਥਾਨਕ ਮਮਤਾ ਨਿਕੇਤਨ ਸਕੂਲ ਦੀ ਪ੍ਰਿੰਸੀਪਲ ਗੁਰਚਰਨ ਕੌਰ ਨੇ ਦੱਸਿਆ ਕਿ ਮਹਿਕਪ੍ਰੀਤ ਕੌਰ (ਆਰਟਸ ਗਰੁੱਪ) ਨੇ 97.6 ਫੀਸਦ, ਗੁਰਮੀਤ ਕੌਰ (ਸਾਇੰਸ) ਨੇ 96.8 ਫੀਸਦ ਅਤੇ ਅੰਮ੍ਰਿਤਪਾਲ ਸਿੰਘ (ਕਾਮਰਸ) ਨੇ 95.6 ਫੀਸਦ ਅੰਕ ਹਾਸਲ ਕੀਤੇ ਹਨ| ਮਾਝਾ ਪਬਲਿਕ ਸਕੂਲ ਦੀ ਪ੍ਰਿੰਸੀਪਲ ਡਾ. ਰਮਨ ਦੁਆ ਨੇ ਦੱਸਿਆ ਕਿ ਸਕੂਲ ਦੇ ਨਾਨ-ਮੈਡੀਕਲ ਗਰੁੱਪ ਵਿੱਚ ਮਨਬੀਰ ਕੌਰ ਨੇ 95. 6 ਫੀਸਦ ਅਤੇ ਰਿਧਮ ਨੇ 93.8 ਫੀਸਦ ਅੰਕ ਪ੍ਰਾਪਤ ਕੀਤੇ ਹਨ|
ਐੱਮਆਰ ਸਕੂਲ ਦਾ ਨਤੀਜਾ ਸ਼ਾਨਦਾਰ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਸੀਬੀਐੱਸਈ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਐੱਮਆਰ ਸਿਟੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਲਾਚੌਰ ਦਾ ਬਾਰ੍ਹਵੀਂ ਦਾ ਨਤੀਜਾ 100 ਫ਼ੀਸਦ ਰਿਹਾ। ਸਕੂਲ ਦੇ ਚੇਅਰਮੈਨ ਰਾਮ ਜੀ ਦਾਸ ਭੂੰਬਲਾ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੇ ਸਕੂਲ ਦੇ ਬਾਰ੍ਹਵੀਂ ਜਮਾਤ ਦੇ 226 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ। ਭੂੰਬਲਾ ਨੇ ਦੱਸਿਆ ਕਿ ਨਾਨ ਮੈਡੀਕਲ ਗਰੁੱਪ ਵਿੱਚ ਸੇਜ਼ਲ ਕੌਸ਼ਲ 97.4 ਫ਼ੀਸਦ ਅੰਕ ਲੈ ਕੇ ਪਹਿਲੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਕਾਮਰਸ ਗਰੁੱਪ ’ਚੋਂ ਜਸਮੀਨ ਕੌਰ ਅਤੇ ਸੰਦੀਪ ਕੌਰ 96.2 ਫ਼ੀਸਦ ਅੰਕ ਲੈ ਕੇ ਪਹਿਲੇ, ਮੈਡੀਕਲ ਗਰੁੱਪ ਵਿੱਚ ਅਮਨਪ੍ਰੀਤ ਕੌਰ 95.6 ਫ਼ੀਸਦ ਅੰਕ ਲੈ ਕੇ ਪਹਿਲੇ ਸਥਾਨ ’ਤੇ ਰਹੀ। ਇਸ ਮੌਕੇ ਕੋਆਰਡੀਨੇਟਰ ਗੁਰਪ੍ਰੀਤ ਕੌਰ ਸੇਖੋਂ, ਸੌਮਿਨੀ ਰਾਏ, ਪੂਨਮ ਠਾਕੁਰ ਅਤੇ ਸਟਾਫ ਮੈਂਬਰ ਵੀ ਹਾਜ਼ਰ ਸਨ।