ਗੁਰਬਖਸ਼ਪੁਰੀ
ਤਰਨ ਤਰਨ, 3 ਅਗਸਤ
ਜ਼ਿਲ੍ਹੇ ਅੰਦਰ ਪਸ਼ੂਆਂ ਦੇ ਲੰਪੀ ਚਮੜੀ ਰੋਗ ਦੇ ਵੱਡੇ ਪੱਧਰ ’ਤੇ ਆ ਰਹੇ ਕੇਸਾਂ ਨੇ ਪਸ਼ੂ ਪਾਲਣ ਵਿਭਾਗ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਕੇ ਰੱਖ ਦਿੱਤੀ ਹੈ|ਇਹ ਰੋਗ ਵਧੇਰੇ ਕਰਕੇ ਗਾਵਾਂ ਨੂੰ ਦੇਖਣ ਵਿੱਚ ਆ ਰਿਹਾ ਹੈ ਭਾਵੇਂ ਕਿ ਮੱਝਾਂ ਵਿੱਚ ਵੀ ਇਹ ਬਰਾਬਰ ਹੀ ਦੇਖਿਆ ਜਾ ਰਿਹਾ ਹੈ| ਜ਼ਿਲ੍ਹੇ ਦੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਰੋਗ ਦੇ ਜ਼ਿਲ੍ਹੇ ਅੰਦਰ ਕੁਲ 360 ਮਾਮਲੇ ਸਾਹਮਣੇ ਆਏ ਹਨ| ਪਸ਼ੂ ਹਸਪਤਾਲਾਂ ਵਿੱਚ ਇਸ ਰੋਗ ਦੀ ਦਵਾਈ ਦਾ ਨਾਂ ਤੱਕ ਵੀ ਨਹੀਂ ਹੈ| ਕਿਸਾਨ ਆਗੂ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਦੱਸਿਆ ਇਸ ਬਿਮਾਰੀ ਨੇ ਪਸ਼ੂ ਪਾਲਣ ਧੰਦੇ ਲਈ ਡਾਢਾ ਨੁਕਸਾਨ ਕਰ ਦਿੱਤਾ ਹੈ| ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਕੋਈ ਵਿਰਲਾ-ਟਾਂਵਾਂ ਪਿੰਡ ਹੀ ਇਸ ਬਿਮਾਰੀ ਤੋਂ ਬਚਿਆ ਹੈ। ਉਨ੍ਹਾਂ ਸਰਕਾਰ ਕੋਲੋਂ ਇਸ ਬਿਮਾਰੀ ਨਾਲ ਮਾਰੇ ਗਏ ਪਸ਼ੂਆਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ| ਉਨ੍ਹਾਂ ਦੱਸਿਆ ਕਿ ਪਿੰਡਾਂ ਅੰਦਰ ਪਸ਼ੂਆਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਨੇ ਚਾਰ ਚੁਫੇਰੇ ਸਹਿਮ ਦਾ ਪਸਾਰਾ ਕਰ ਦਿੱਤਾ ਹੈ| ਪਸ਼ੂ ਪਾਲਣ ਵਿਭਾਗ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਸ ਰੋਗ ਦੇ ਲੱਛਣ ਆਉਣ ਤੋਂ ਛੇਤੀ ਬਾਅਦ ਹੀ ਪਸ਼ੂ ਦਾ ਦੁੱਧ ਨਾਮਾਤਰ ਹੀ ਰਹਿ ਜਾਂਦਾ ਹੈ ਅਤੇ ਕਈ ਵਾਰ ਪਸ਼ੂ ਦਾ ਨੁਕਸਾਨ ਵੀ ਹੀ ਜਾਂਦਾ ਹੈ| ਅਚਾਨਕ ਇਸ ਰੋਗ ਦੇ ਆਉਣ ਨਾਲ ਪਿੰਡਾਂ ਅੰਦਰ ਪਸ਼ੂਆਂ ਦੇ ਨੀਮ ਹਕੀਮਾਂ ਦੀ ਖੂਬ ਚਾਂਦੀ ਬਣ ਰਹੀ ਹੈ| ਪਸ਼ੂ ਮਾਹਿਰਾਂ ਨੇ ਕਿਹਾ ਕਿ ਵਾਇਰਸ ਦੀ ਤਰ੍ਹਾਂ ਇਹ ਬਿਮਾਰੀ ਵੀ 10 ਦਿਨ ਬਾਅਦ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ।