ਗੁਰਬਖਸ਼ਪੁਰੀ
ਤਰਨ ਤਾਰਨ, 1 ਅਕਤੂਬਰ
ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਧੁੰਨ ਦੀ ਪਛੜੀ ਜਾਤੀ ਨਾਲ ਸਬੰਧਤ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਉਸ ਨੂੰ ਅਰਧਨਗਨ ਕਰਨ ਦੇ ਦੋਸ਼ ਹੇਠ ਪੁਲੀਸ ਨੇ ਆਖ਼ਿਰ ਦਸ ਦਿਨ ਬਾਅਦ ਇਸੇ ਪਿੰਡ ਦੇ ਵਾਸੀ ਹਰਦੀਪ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਹੋਰ ਵੀ ਤਰਾਸਦੀ ਇਹ ਰਹੀ ਕਿ ਪੀੜਤ ਔਰਤ ਨੂੰ ਮੁਲਜ਼ਮ ਖਿਲਾਫ਼ ਕਾਰਵਾਈ ਕਰਵਾਉਣ ਲਈ 10 ਦਿਨ ਤੱਕ ਥਾਣਾ ਖਾਲੜਾ ਦੀ ਪੁਲੀਸ ਦੇ ਤਰਲੇ ਮਿਨਤਾਂ ਕਰਨੀਆਂ ਪਈਆਂ| ਇਸ ਸਬੰਧੀ ਕੇਸ 10 ਦਿਨ ਬਾਅਦ 30 ਸਤੰਬਰ ਨੂੰ ਦਰਜ ਕੀਤੇ ਜਾਣ ਸਬੰਧੀ ਕੇਸ ਦੇ ਜਾਂਚ ਅਧਿਕਾਰੀ ਏਐਸਆਈ ਸਤਨਾਮ ਸਿੰਘ ਨੇ ਕਿਹਾ ਕਿ ਪਿੰਡ ਦੇ ਮੋਹਤਬਰਾਂ ਨੇ ਦੋਹਾਂ ਧਿਰਾਂ ਦਰਮਿਆਨ ਸਮਝੌਤਾ ਕਰਵਾਉਣ ਦੀ ਕੋਸ਼ਿਸ ਕੀਤੀ ਸੀ ਪਰ ਮਾਮਲਾ ਸੁਲਝ ਨਹੀਂ ਸਕਿਆ| ਇਸ ਦੇ ਐਨ ਉਲਟ ਪੀੜਤ ਔਰਤ ਦੇ ਪਤੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਿਥੇ ਪਿੰਡ ਦੇ ਕੁੱਝ ਲੋਕਾਂ ਨੇ ਉਨ੍ਹਾਂ ਤੇ ਰਾਜ਼ੀਨਾਵਾਂ ਕਰਨ ਲਈ ਦਬਾਅ ਪਾਇਆ ਉਥੇ ਪੁਲੀਸ ਵੀ ਉਨ੍ਹਾਂ ਨਾਲ ਹੋਈ ਵਧੀਕੀ ਸਬੰਧੀ ਨਿਆਂ ਨਹੀਂ ਸੀ ਦੇ ਰਹੀ| ਪੁਲੀਸ ਨੇ ਇਸ ਸਬੰਧੀ ਧਾਰਾ ਹਰਦੀਪ ਸਿੰਘ ਵਿਰੁੱਧ 354–ਬੀ, 294 ਅਧੀਨ ਇਕ ਕੇਸ ਤਾਂ ਦਰਜ ਕਰ ਲਿਆ ਹੈ ਪਰ ਅਜੇ ਤੱਕ ਮੁਲਜ਼ਮ ਨੂੰ ਗ਼ਿਫ਼ਤਾਰ ਨਹੀਂ ਕੀਤਾ ਜਾ ਸਕਿਆ|