ਪਠਾਨਕੋਟ(ਐੱਨਪੀ ਧਵਨ):ਲੰਘੀ ਦੇਰ ਸ਼ਾਮ ਨੂੰ ਇੱਕ ਵਿਅਕਤੀ ਵਲੋਂ ਖੁਦਕੁਸ਼ੀ ਕਰ ਲਏ ਜਾਣ ਦੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਨੇ ਪ੍ਰੇਮਿਕਾ ਸਮੇਤ 7 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਮ੍ਰਿਤਕ ਦਾ ਨਾਂ ਜਤਿੰਦਰ ਸਿੰਘ ਸੈਣੀ ਵਾਸੀ ਸਰਨਾ ਦੱਸਿਆ ਜਾ ਰਿਹਾ ਹੈ। ਇਹ ਮਾਮਲਾ ਮ੍ਰਿਤਕ ਜਤਿੰਦਰ ਸਿੰਘ ਦੇ ਮਿਲੇ ਖੁਦਕੁਸ਼ੀ ਨੋਟ ਦੇ ਅਧਾਰ ’ਤੇ ਦਰਜ ਕੀਤਾ ਗਿਆ ਹੈ। ਡਿਵੀਜ਼ਨ ਨੰਬਰ 1 ਦੇ ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਸਰਨਾ ਸਥਿਤ ਛੋਟੀ ਨਹਿਰ ਕੋਲ ਰਹਿਣ ਵਾਲੀ ਵਿਸ਼ਾਲੀ ਨੇ ਕਿਹਾ ਕਿ ਉਸ ਦਾ ਪਤੀ ਜਤਿੰਦਰ ਸਿੰਘ ਸੈਣੀ ਜੋ ਕਿ ਡਿਸ਼ ਟੀਵੀ ਲਗਾਉਣ ਦਾ ਕੰਮ ਕਰਦਾ ਸੀ। ਉਸ ਦੇ ਚੰਪਾ ਰਾਣੀ ਉਰਫ ਰੀਨਾ ਨਾਲ ਨਾਜਾਇਜ਼ ਸਬੰਧ ਸਨ। ਇਸੇ ਕਾਰਨ ਉਹ ਆਪਣੇ ਪਤੀ ਨੂੰ ਛੱਡ ਕੇ ਪੇਕੇ ਘਰ ਬੁੱਢਾਨਗਰ ਪਿੰਡ ਵਿੱਚ ਚਲੀ ਗਈ ਸੀ। 18 ਜੂਨ ਨੂੰ ਦੇਰ ਸ਼ਾਮ ਉਸ ਦੇ ਜੇਠ ਦਾ ਫੋਨ ਆਇਆ ਕਿ ਉਸ ਦੇ ਪਤੀ ਨੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਨੋਟ ਵਿੱਚ ਜਤਿੰਦਰ ਸਿੰਘ ਨੇ ਆਪਣੀ ਮੌਤ ਦੇ ਜ਼ਿੰਮੇਵਾਰ ਚੰਪਾ ਰਾਣੀ ਅਤੇ ਉਸ ਦਾ ਪਤੀ ਹਾਲ ਵਾਸੀ ਰੇਲਵੇ ਕੁਆਟਰ ਪਠਾਨਕੋਟ, ਪੂਨਮ ਅਤੇ ਉਸ ਦਾ ਪਤੀ, ਰਾਜ ਰਾਣੀ ਅਤੇ ਉਸ ਦਾ ਪਤੀ, ਰੇਖਾ ਦੀਦੀ ਪਤਨੀ ਕਸ਼ਮੀਰ ਸਿੰਘ ਵਾਸੀ ਪਠਾਨਕੋਟ ਨੂੰ ਦੱਸਿਆ ਅਤੇ ਉਨ੍ਹਾਂ ਦੇ ਮੋਬਾਈਲ ਨੰਬਰ ਵੀ ਖੁਦਕੁਸ਼ੀ ਨੋਟ ਵਿੱਚ ਲਿਖੇ। ਥਾਣਾ ਮੁਖੀ ਨੇ ਦੱਸਿਆ ਕਿ ਖੁਦਕੁਸ਼ੀ ਨੋਟ ਅਨੁਸਾਰ ਸੱਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।