ਪੱਤਰ ਪ੍ਰੇਰਕ
ਪਠਾਨਕੋਟ, 27 ਫਰਵਰੀ
ਚੌਕੀਦਾਰਾਂ ਦੀ ਕੁੱਟਮਾਰ ਕਰਕੇ ਉਥੇ ਖੜ੍ਹੀ ਪੋਕਲੇਨ ਜੇਸੀਬੀ ਮਸ਼ੀਨ ਨੂੰ ਕੁੱਝ ਵਿਅਕਤੀਆਂ ਵੱਲੋਂ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ ਜਿਸ ’ਤੇ ਥਾਣਾ ਸੁਜਾਨਪੁਰ ਦੀ ਪੁਲੀਸ ਨੇ 26 ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਗੁਰਦੇਵ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਵਾਸੀ ਪਿੰਡ ਨਵਾਂ ਗੁਗਰਾਂ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਸਟੋਨ ਕਰੱਸ਼ਰ ਦਾ ਕਾਰੋਬਾਰ ਕਰਦਾ ਹੈ। ਉਸ ਨੇ ਪੋਕਲੇਨ ਜੇਸੀਬੀ ਮਸ਼ੀਨ ਕੰਮ ਕਰਨ ਬਾਅਦ ਦੇਰ ਸ਼ਾਮ ਨੂੰ ਪਿੰਡ ਭਦਰਾਲੀ ਵਿੱਚ ਖੜ੍ਹੀ ਕਰ ਦਿੱਤੀ ਸੀ। ਇੱਥੇ ਜ਼ਮੀਨ ਅਤੇ ਮਸ਼ੀਨ ਦੀ ਰਖਵਾਲੀ ਲਈ ਸੁਖਵਿੰਦਰ ਸਿੰਘ ਅਤੇ ਰਾਜ ਕੁਮਾਰ ਨੂੰ ਚੌਕੀਦਾਰ ਰੱਖਿਆ ਹੋਇਆ ਹੈ। ਅੱਧੀ ਰਾਤ ਸਮੇਂ 26 ਵਿਅਕਤੀ ਆ ਧਮਕੇ ਅਤੇ ਉਨ੍ਹਾਂ ਨੇ ਦੋਹਾਂ ਚੌਕੀਦਾਰਾਂ ਨਾਲ ਮਾਰਕੁੱਟ ਕਰਕੇ ਮਸ਼ੀਨ ਚੋਰੀ ਕਰ ਲਈ ਅਤੇ ਫਰਾਰ ਹੋ ਗਏ ਤੇ ਨਾਲ ਹੀ ਚੌਂਕੀਦਾਰ ਰਾਜ ਕੁਮਾਰ ਨੂੰ ਅਗਵਾ ਕਰਕੇ ਨਾਲ ਲੈ ਗਏ ਜਦ ਕਿ ਦੂਸਰੇ ਚੌਕੀਦਾਰ ਸੁਖਵਿੰਦਰ ਸਿੰਘ ਨੂੰ ਮਾਰਨ ਦੀਆਂ ਧਮਕੀਆਂ ਦੇ ਗਏ।