ਪੱਤਰ ਪ੍ਰੇਰਕ
ਪਠਾਨਕੋਟ, 14 ਅਕਤੂਬਰ
ਡਿਊਟੀ ਦੇ ਰਹੇ ਪੁਲੀਸ ਮੁਲਾਜ਼ਮ ਨਾਲ ਹੱਥੋਪਾਈ ਕਰਨ ਅਤੇ ਉਸ ਦੀ ਵਰਦੀ ਪਾੜਨ ਦੇ ਜੁਰਮ ਵਿੱਚ ਥਾਣਾ ਸੁਜਾਨਪੁਰ ਦੀ ਪੁਲੀਸ ਨੇ 4 ਵਿਅਕਤੀਆਂ ਖਿਲਾਫ ਆਈਪੀਸੀ ਦੀ ਧਾਰਾ 353, 186, 283, 332, 506, 34 ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਕਮਾਂਡੋ ਬਟਾਲੀਅਨ ਬਹਾਦੁਰਗੜ੍ਹ ਪਟਿਆਲਾ ਦਾ ਪੁਲੀਸ ਮੁਲਾਜ਼ਮ ਸੁਰਜੀਤ ਸਿੰਘ ਜੋ ਕਿ ਆਰਜ਼ੀ ਡਿਊਟੀ ਉੱਤੇ ਸੁੰਦਰਚੱਕ ਵਿੱਚ ਤਾਇਨਾਤ ਹੈ, ਬੀਤੀ ਸ਼ਾਮ ਨੂੰ ਉਥੇ ਡਿਊਟੀ ਦੇ ਰਿਹਾ ਸੀ ਅਤੇ ਉਥੇ ਟਰੈਫਿਕ ਜਾਮ ਚੱਲ ਰਿਹਾ ਸੀ। ਇਸੇ ਦੌਰਾਨ 2 ਵਿਅਕਤੀ ਮਲਿਕਪੁਰ ਵੱਲੋਂ ਪੈਦਲ ਆਏ ਅਤੇ ਸੁਰਜੀਤ ਸਿੰਘ ਨੂੰ ਕਹਿਣ ਲੱਗੇ ਕਿ ਬਾਕੀ ਗੱਡੀਆਂ ਨੂੰ ਰੁਕਵਾ ਕੇ ਉਨ੍ਹਾਂ ਦੀ ਸਾਈਡ ਵੱਲ ਦੀਆਂ ਗੱਡੀਆਂ ਨੂੰ ਕੱਢਵਾਇਆ ਜਾਵੇ ਜਿਸ ’ਤੇ ਸੁਰਜੀਤ ਸਿੰਘ ਨੇ ਉਨ੍ਹਾਂ ਨੂੰ ਥੋੜ੍ਹਾ ਇੰਤਜ਼ਾਰ ਕਰਨ ਨੂੰ ਕਿਹਾ। ਥੋੜ੍ਹੀ ਦੇਰ ਬਾਅਦ ਪੂਰਨ ਚੰਦ ਪਰਦੇਸੀ ਅਤੇ ਰਾਜ ਕੁਮਾਰ ਭਗਤ ਆਪਣੀ ਕਾਰ ’ਤੇ ਸਵਾਰ ਹੋ ਕੇ ਅੱਡਾ ਸੁੰਦਰਚੱਕ ਆਏ ਤੇ ਉਥੇ ਉਨ੍ਹਾਂ ਨਾਲ 2 ਹੋਰ ਵਿਅਕਤੀ ਸ਼ਾਮਲ ਹੋ ਗਏ ਅਤੇ ਉਨ੍ਹਾਂ ਸਾਰਿਆਂ ਨੇ ਸੁਰਜੀਤ ਸਿੰਘ ਨਾਲ ਹੱਥੋਪਾਈ ਕੀਤੀ ਜਿਸ ਨਾਲ ਉਸ ਦੀ ਵਰਦੀ ਵੀ ਪਾਟ ਗਈ। ਸੁਰਜੀਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਪੂਰਨ ਚੰਦ ਪਰਦੇਸੀ, ਰਾਜ ਕੁਮਾਰ ਭਗਤ ਵਾਸੀਆਨ ਬਨੀਲੋਧੀ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।