ਐੱਨਪੀ ਧਵਨ
ਪਠਾਨਕੋਟ, 20 ਅਗਸਤ
ਅਧਾਰ ਕਾਰਡ ਅਤੇ ਜ਼ਮੀਨ ਦੀ ਫਰਦ ਜਾਅਲੀ ਹੋਣ ’ਤੇ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਨੇ 2 ਵਿਅਕਤੀਆਂ ਖਿਲਾਫ ਆਈਪੀਸੀ ਦੀ ਧਾਰਾ 420, 465, 467, 468, 471, 205, 120-ਬੀ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਨਿਰਮਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਅਜ਼ਾਦ ਨਗਰ ਕੋਟਖਾਲਸਾ ਅੰਮ੍ਰਿਤਸਰ ਅਤੇ ਦਲਬੀਰ ਸਿੰਘ ਵਾਸੀ ਪਿੰਡ ਕਾਲੇ ਮਹਿਲ ਅੰਮ੍ਰਿਤਸਰ ਸ਼ਾਮਲ ਹਨ।
ਇਹ ਮਾਮਲਾ ਮਾਣਯੋਗ ਜੁਡੀਸ਼ੀਅਲ ਮੈਜਿਸਟਰੇਟ ਹੇਮ ਅੰਮ੍ਰਿਤ ਮਾਹੀ ਵੱਲੋਂ ਜਾਰੀ ਪੱਤਰ ਨੰਬਰ 148 ਦੇ ਅਧਾਰ ’ਤੇ ਏਐਸਆਈ ਬਲਬੀਰ ਸਿੰਘ ਨੇ ਦਰਜ ਕੀਤਾ। ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਇਸ ਸਾਲ ਮਿਤੀ 9 ਜੁਲਾਈ ਨੂੰ ਜੁਰਮ 61-1-14 ਐਕਸਾਈਜ਼ ਐਕਟ ਥਾਣਾ ਡਵੀਜ਼ਨ ਨੰਬਰ 2 ਦੇ ਮੁਲਜ਼ਮ ਮੰਗਾ ਮਸੀਹ ਪੁੱਤਰ ਤਾਜ ਮਸੀਹ ਵਾਸੀ ਬਟਾਲਾ ਦੀ ਜਮਾਨਤ ਲਈ ਹਰਮੀਤ ਸਿੰਘ ਪੁੱਤਰ ਰਵਿੰਦਰ ਸਿੰਘ ਅਤੇ ਨੰਬਰਦਾਰ ਬਲਬੀਰ ਸਿੰਘ ਵਾਸੀਆਨ ਮੀਰਾਕੋਟ ਅੰਮ੍ਰਿਤਸਰ ਮੁਲਜ਼ਮ ਮੰਗਾ ਮਸੀਹ ਦੀ ਜ਼ਮਾਨਤ ਕਰਵਾਉਣ ਲਈ ਤਸਦੀਕੀ ਦੇ ਰੂਪ ਵਿੱਚ ਉਨ੍ਹਾਂ ਮੂਹਰੇ ਪੇਸ਼ ਹੋਏ ਸਨ। ਇਨ੍ਹਾਂ ਨੇ ਆਪਣੇ ਆਧਾਰ ਕਾਰਡ ਅਤੇ ਫਰਦਾਂ ਨਾਲ ਲਗਾਈਆਂ ਸਨ, ਜੋ ਮਾਣਯੋਗ ਜੱਜ ਵੱਲੋਂ ਸ਼ੱਕ ਪੈਣ ਤੇ ਇਨ੍ਹਾਂ ਦੀ ਤਸਦੀਕ ਕਰਵਾਈ ਗਈ। ਤਸਦੀਕ ਕਰਨ ’ਤੇ ਪਤਾ ਲੱਗਾ ਕਿ ਹਰਮੀਤ ਸਿੰਘ ਦਾ ਅਸਲੀ ਨਾਂ ਨਿਰਮਲ ਸਿੰਘ ਅਤੇ ਬਲਬੀਰ ਸਿੰਘ ਦਾ ਅਸਲੀ ਨਾਂ ਦਲਬੀਰ ਸਿੰਘ ਹੈ। ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਅਗਲੀ ਕਾਰਵਾਈ ਆਰੰਭ ਦਿੱਤੀ ਹੈ