ਪੱਤਰ ਪ੍ਰੇਰਕ
ਅਜਨਾਲਾ, 12 ਅਗਸਤ
ਇਸ ਸ਼ਹਿਰ ਦੇ ਤਹਿਸੀਲ ਕੰਪਲੈਕਸ ਵਿੱਚ ਅਸ਼ਟਾਮ ਦੀ ਨਿਰਧਾਰਿਤ ਕੀਮਤ ਤੋਂ ਵੱਧ ਪੈਸੇ ਵਸੂਲਣ ਦੀ ਵੀਡੀਉ ਵਾਇਰਲ ਹੋਣ ਮਗਰੋਂ ਅਸ਼ਟਾਮ ਫਰੋਸ਼ ਵਿਜੇ ਕੁਮਾਰ ਖ਼ਿਲਾਫ਼ ਥਾਣਾ ਅਜਨਾਲਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਇੱਥੋਂ ਦੇ ਅਸ਼ਟਾਮ ਫਰੋਸ਼ਾਂ, ਵਸੀਕਾ ਨਵੀਸਾਂ ਅਤੇ ਟਾਈਪਿਸਟਾਂ ਨੇ ਜਸਵੰਤ ਸਿੰਘ ਭਿੰਡਰ, ਅਜੈਬ ਸਿੰਘ ਵਿਛੋਆ, ਗੁਰਿੰਦਰਬੀਰ ਸਿੰਘ ਮਾਹਲ, ਰਾਜਿੰਦਰ ਸਿੰਘ, ਨਵਦੀਪ ਸਿੰਘ, ਜਗਦੀਪ ਸਿੰਘ ਅੰਬ ਕੋਟਲੀ ਦੀ ਅਗਵਾਈ ’ਚ ਤਹਿਸੀਲ ਕੰਪਲੈਕਸ ਵਿੱਚ ਇਕੱਠੇ ਹੋ ਕੇ ਧਰਨਾ ਦਿੱਤਾ ਅਤੇ ਦਰਜ ਕੀਤੇ ਗਏ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਸ਼ਟਾਮ ਦੇਣ ਤੇ ਪ੍ਰਿੰਟ ਕੱਢਣ ਸਮੇਤ ਹੋਰ ਫੁਟਕਲ ਖਰਚਿਆਂ ਕਾਰਨ ਅਸ਼ਟਾਮ ਦੇ ਤੈਅ ਮੁੱਲ ਤੋਂ ਵੱਧ ਪੈਸੇ ਲਏ ਗਏ ਸਨ ਕਿਉਂਕਿ ਈ ਸਟੈਂਪ ਕੱਢਣ ’ਤੇ ਕਾਗਜ਼ ਤੇ ਬਿਜਲੀ ’ਤੇ ਕਰੀਬ 20 ਰੁਪਏ ਅਸ਼ਟਾਮ ਫਰੋਸ਼ ਦਾ ਖਰਚਾ ਆ ਜਾਂਦਾ ਹੈ।