ਪੱਤਰ ਪ੍ਰੇਰਕ
ਪਠਾਨਕੋਟ, 3 ਅਗਸਤ
ਸੁਜਾਨਪੁਰ ਪੁਲੀਸ ਨੇ ਟਰੱਕ ਡਰਾਈਵਰਾਂ ਤੋਂ ਨਾਜਾਇਜ਼ ਵਸੂਲੀ ਕਰਨ ਦੇ ਮਾਮਲੇ ਵਿੱਚ ਸੱਤ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਡੀਐੱਸਪੀ ਰਾਜਿੰਦਰ ਮਨਹਾਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਦਿਆਲ ਸਿੰਘ ਵਾਸੀ ਮਲਿਕਪੁਰ ਨੇ ਦੱਸਿਆ ਕਿ ਪੁਲ ਨੰਬਰ 12 ਮਲਿਕਪੁਰ ਨੈਸ਼ਨਲ ਹਾਈਵੇਅ ਰੋਡ ’ਤੇ 6-7 ਨੌਜਵਾਨ ਇਨੋਵਾ ਗੱਡੀ ਲੈ ਕੇ ਸੁੰਦਰਚੱਕ ਦੀ ਤਰਫੋਂ ਆਉਣ ਵਾਲੇ ਟਰੱਕਾਂ ਤੋਂ ਨਾਜਾਇਜ਼ ਵਸੂਲੀ ਕਰ ਰਹੇ ਸਨ। ਇਨ੍ਹਾਂ ਨੌਜਵਾਨਾਂ ਵਿੱਚ ਬਲਵਿੰਦਰ ਸਿੰਘ ਵਾਸੀ ਬਨੀਲੋਧੀ ਅਤੇ ਅਭਿਸ਼ੇਕ ਉਰਫ ਚੈਂਬਰ ਵਾਸੀ ਨਰੋਟ ਜੈਮਲ ਸਿੰਘ ਸ਼ਾਮਲ ਸਨ, ਜੋ ਟਰੱਕ ਡਰਾਈਵਰਾਂ ਨੂੰ ਧਮਕਾ ਰਹੇ ਸਨ। ਕੁਝ ਟਰੱਕ ਡਰਾਈਵਰਾਂ ਨੇ ਪੈਸੇ ਦੇ ਦਿੱਤੇ, ਜਦੋਂਕਿ ਕੁੱਝ ਟਰੱਕ ਡਰਾਈਵਰਾਂ ਨੇ ਆਪਣੇ ਕੁਝ ਹੋਰ ਸਾਥੀਆਂ ਨੂੰ ਬੁਲਾ ਲਿਆ। ਬਲਵਿੰਦਰ ਸਿੰਘ ਵਾਸੀ ਬਨੀਲੋਧੀ ਅਤੇ ਅਭਿਸ਼ੇਕ ਉਰਫ ਚੈਂਬਰ ਨੇ ਸ਼ਰਾਬ ਪੀਤੀ ਹੋਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਨੌਜਵਾਨ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਥੋਂ ਫਰਾਰ ਹੋ ਗਏ। ਡੀਐੱਸਪੀ ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਬਨੀਲੋਧੀ, ਅਭਿਸ਼ੇਕ ਉਰਫ ਚੈਂਬਰ ਵਾਸੀ ਨਰੋਟ ਜੈਮਲ ਸਿੰਘ ਅਤੇ ਕਰੀਬ 5 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।