ਪੱਤਰ ਪ੍ਰੇਰਕ
ਪਠਾਨਕੋਟ, 21 ਜੂਨ
ਵਿਦੇਸ਼ ਭੇਜਣ ਅਤੇ ਸਰਕਾਰੀ ਨੌਕਰੀ ਦਿਵਾਉਣ ਦੀ ਓਟ ਵਿੱਚ ਠੱਗੀ ਮਾਰਨ ਦੇ ਤਿੰਨ ਕੇਸਾਂ ਵਿੱਚ ਪੁਲੀਸ ਨੇ ਕੇਸ ਦਰਜ ਕੀਤੇ ਹਨ।
ਪਹਿਲੇ ਮਾਮਲੇ ਵਿੱਚ ਵਿਦੇਸ਼ ਭੇਜਣ ਦੇ ਨਾਂ ’ਤੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਜੁਰਮ ਵਿੱਚ ਥਾਣਾ ਨੰਗਲਭੂਰ ਦੀ ਪੁਲੀਸ ਨੇ ਪਤੀ-ਪਤਨੀ ਤੇ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਬਚਨ ਸਿੰਘ ਵਾਸੀ ਪਿੰਡ ਅਨੇੜ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ।
ਆਪਣੀ ਸ਼ਿਕਾਇਤ ਵਿੱਚ ਬਚਨ ਸਿੰਘ ਨੇ ਦੱਸਿਆ ਕਿ ਸ਼ਾਨੂੰ ਕੁਮਾਰ, ਉਸ ਦੀ ਪਤਨੀ ਭਜਨੋ ਦੇਵੀ ਤੇ ਉਨ੍ਹਾਂ ਦੇ ਪੁੱਤਰ ਰਾਕੇਸ਼ ਕੁਮਾਰ ਵਾਸੀ ਖੰਨਾ ਨੇ ਉਸ ਦੇ ਦੋ ਪੁੱਤਰਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਆਪਣੇ ਲੈ ਕੇ ਵੀਜ਼ੇ ਦੇ ਫ਼ਰਜ਼ੀ ਕਾਗਜ਼ ਦੇ ਦਿੱਤੇ। ਉਨ੍ਹਾਂ ਜਦੋਂ ਵੀਜ਼ਾ ਚੈੱਕ ਕਰਵਾਇਆ ਤਾਂ ਜਾਅਲੀ ਨਿਕਲਿਆ। ਮੁਲਜ਼ਮਾਂ ਨੇ ਨਾ ਉਸ ਦੇ ਲੜਕਿਆਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਦੂਜੇ ਮਾਮਲੇ ਵਿੱਚ ਸਰਕਾਰੀ ਨੌਕਰੀ ਲਗਾਉਣ ਦੇ ਨਾਂ ’ਤੇ 8 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਜੁਰਮ ਵਿੱਚ ਥਾਣਾ ਨੰਗਲਭੂਰ ਦੀ ਪੁਲੀਸ ਨੇ ਤਿੰਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਪ੍ਰੇਮ ਨਾਥ ਸ਼ਰਮਾ ਵਾਸੀ ਤਰਗੜ੍ਹ ਦੀ ਸ਼ਿਕਾਇਤ ’ਤੇ ਵਿਪਨ ਕੁਮਾਰ ਵਾਸੀ ਜਲੰਧਰ, ਸੂਰਜ ਕੁਮਾਰ ਵਾਸੀ ਜਲੰਧਰ ਅਤੇ ਪਲਵਿੰਦਰ ਸਿੰਘ ਵਾਸੀ ਚਾਹਲਕਲਾਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੇ ਪ੍ਰੇਮ ਨਾਥ ਸ਼ਰਮਾ ਦੇ ਪੁੱਤਰ ਸ਼ੁਭਮ ਸ਼ਰਮਾ ਨੂੰ ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 8 ਲੱਖ 50 ਹਜ਼ਾਰ ਰੁਪਏ ਲੈ ਲਏ। ਇਸ ਮਾਮਲੇ ਦੀ ਪੜਤਾਲ ਆਰਥਿਕ ਅਪਰਾਧ ਸ਼ਾਖਾ ਦੇ ਇੰਚਾਰਜ ਵੱਲੋਂ ਕਰਨ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ।
ਤੀਜੇ ਕੇਸ ਵਿੱਚ ਵਿੱਚ ਸੁਜਾਨਪੁਰ ਦੀ ਪੁਲੀਸ ਵੱਲੋਂ ਨੌਕਰੀ ਦੇ ਨਾਂ ’ਤੇ ਧੋਖਾਧੜੀ ਕਰਨ ਦੇ ਜੁਰਮ ਵਿੱਚ ਹੰਸ ਰਾਜ ਵਾਸੀ ਗਿੱਦੜਪੁਰ-ਸ਼ੇਰਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਨਵਦੀਪ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਛਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਨਵ ਸਿੰਘ ਨੂੰ ਪਸ਼ੂ ਪਾਲਣ ਵਿਭਾਗ ਵਿੱਚ ਨੌਕਰੀ ਦਿਵਾਉਣ ਦੇ ਨਾਂ ’ਤੇ ਹੰਸਰਾਜ ਵਾਸੀ ਗਿਦੜਪੁਰ ਨੇ ਚਾਰ ਲੱਖ ਰੁਪਏ ਲੈ ਲਏ। ਨੌਕਰੀ ਨਾ ਦਿਵਾਉਣ ’ਤੇ ਜਦੋਂ ਉਨ੍ਹਾਂ ਪੈਸੇ ਵਾਪਸ ਮੰਗੇ ਤਾਂ ਸਿਰਫ਼ 2 ਲੱਖ ਹੀ ਵਾਪਸ ਕੀਤੇ। ਡੀਐੱਸਪੀ ਧਾਰਕਲਾਂ ਵੱਲੋਂ ਇਸ ਦੀ ਜਾਂਚ ਤੋਂ ਬਾਅਦ ਮੁਲਜ਼ਮ ਹੰਸ ਰਾਜ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ।