ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 10 ਜੂਨ
ਸਥਾਨਕ ਨਹਿਰ ਨੇੜੇ ਸਥਿਤ ਨਿਰਮਲ ਕੁਟੀਆ ਦੇ ਮੁੱਖ ਸੇਵਾਦਾਰ ਨੂੰ ਲੁਟੇਰਿਆਂ ਨੇ ਚਾਹ ਵਿਚ ਨਸ਼ੀਲੀ ਚੀਜ਼ ਪਾ ਕੇ ਬੇਹੋਸ਼ ਕਰ ਕੇ ਕਾਰ, ਰਾਈਫਲ ਤੇ ਨਗਦੀ ਲੁੱਟ ਲਈ। ਕੁਟੀਆ ਦੇ ਸੇਵਾਦਾਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਜਦੋਂ ਕੁਟੀਆ ਵਿੱਚ ਆਇਆ ਤਾਂ ਦੇਖਿਆ ਕਿ ਬਾਬਾ ਤਰਸੇਮ ਸਿੰਘ ਕਮਰੇ ਵਿੱਚ ਸਨ। ਉਸ ਨੇ ਜਦੋਂ ਬਾਬੇ ਨੂੰ ਆਵਾਜ਼ਾਂ ਮਾਰੀਆਂ ਤਾਂ ਉਹ ਬਾਹਰ ਨਾ ਆਇਆ। ਉਸ ਨੇ ਜਦੋਂ ਅੰਦਰ ਜਾ ਕੇ ਦੇਖਿਆ ਕਿ ਬਾਬਾ ਬੇਹੋਸ਼ੀ ਦੀ ਹਾਲਤ ਵਿਚ ਸੀ, ਉਸ ਦੇ ਪੈਰ ਬੰਨ੍ਹੇ ਹੋਏ ਸਨ ਅਤੇ ਸਾਮਾਨ ਖਿਲਰਿਆ ਪਿਆ ਸੀ। ਇਸ ਮਗਰੋਂ ਬਾਬਾ ਤਰਸੇਮ ਸਿੰਘ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਰਮਿੰਦਰ ਸਿੰਘ ਨੇ ਦੱਸਿਆ ਕਿ ਲੁਟੇਰੇ ਕਾਰ, ਰਾਈਫਲ ਤੇ ਨਗਦੀ ਲੈ ਗਏ। ਥਾਣਾ ਮੁਖੀ ਨਰੇਸ਼ ਜੋਸ਼ੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।