ਖੇਤਰੀ ਪ੍ਰਤੀਨਿਧ
ਬਟਾਲਾ, 25 ਜੁਲਾਈ
ਇੱਥੋਂ ਦੀ ਪੁਲੀਸ ਦੇ ਨਾਰਕੋਟਿਕ ਸੈੱਲ-2 ਦੀ ਟੀਮ ਨੇ ਨਾਕੇ ਦੌਰਾਨ ਕਾਰ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਨਾਰਕੋਟਿਕ ਸੈੱਲ-2 ਬਟਾਲਾ ਦੇ ਇੰਚਾਰਜ ਐੱਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਪੁਲੀਸ ਪਾਰਟੀ ਸਮੇਤ ਅੱਡਾ ਬੋਦੇ ਦੀ ਖੂਹੀ ’ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਪੁਲੀਸ ਟੀਮ ਨੇ ਜਦੋਂ ਇੱਕ ਬਰੀਜ਼ਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਕਾਰ ਪੁਲੀਸ ਬੈਰੀਕੇਡ ਨਾਲ ਜਾ ਟਕਰਾਈ। ਉਪਰੰਤ ਦੋਵੇਂ ਕਾਰ ਸਵਾਰ ਗੁੱਸੇ ਵਿੱਚ ਕਾਰ ਤੋਂ ਬਾਹਰ ਆਏ ਉੱਥੇ ਡਿਊਟੀ ’ਤੇ ਤਾਇਨਾਤ ਏਐੱਸਆਈ ਬਲਦੇਵ ਰਾਜ ਨਾਲ ਹੱਥੋਪਾਈ ਕਰਨ ਲੱਗ ਪਏ ਅਤੇ ਏਐੱਸਆਈ ਦੀ ਵਰਦੀ ਪਾੜ ਦਿੱਤੀ। ਮੌਕੇ ’ਤੇ ਮੌਜੂਦ ਪੁਲੀਸ ਟੀਮ ਨੇ ਦੋਵਾਂ ਨੂੰ ਕਾਬੂ ਕਰ ਕੇ ਜਦ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿੱਚੋਂ 32 ਬੋਰ ਦੇ ਦੋ ਪਿਸਤੌਲ ਬੋਰ 10 ਕਾਰਤੂਸ ਬਰਾਮਦ ਹੋਏ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਗਏ ਉਕਤ ਨੌਜਵਾਨਾਂ ਦੀ ਪਛਾਣ ਦਿਲਪ੍ਰੀਤ ਸਿੰਘ ਵਾਸੀ ਅੰਮੋਨੰਗਲ ਅਤੇ ਕੁਲਤਾਰ ਸਿੰਘ ਵਾਸੀ ਪਿੰਡ ਨੱਤ ਵਜੋਂ ਦੱਸੀ ਹੈ। ਐਸਆਈ ਨੇ ਦੱਸਿਆ ਕਿ ਪੁਲੀਸ ਨੇ ਉਕਤ ਨੌਜਵਾਨਾਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ ਜਿੱਥੋਂ ਮੁਲਜ਼ਮਾਂ ਦਾ ਦੋ ਦਿਨ ਦਾ ਰਿਮਾਂਡ ਮਿਲਿਆ ਹੈ।