ਜਤਿੰਦਰ ਬੈਂਸ
ਗੁਰਦਾਸਪੁਰ, 7 ਫਰਵਰੀ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਛੇ ਫਰਵਰੀ ਦੇ ਸਫਲ ਚੱਕਾ ਜਾਮ ਤੋਂ ਬਾਅਦ ਕਿਰਤੀ ਕਿਸਾਨ ਯੂਨੀਅਨ ਵੱਲੋਂ ‘ਆਓ ਦਿੱਲੀ ਚੱਲੀਏ ਸੰਘਰਸ਼ਾਂ ਦਾ ਪਿੱੜ ਮੱਲੀਏ’ ਦਾ ਨਾਅਰਾ ਬੁਲੰਦ ਕਰਦੇ ਮੋਦੀ ਸਰਕਾਰ ਵੱਲੋਂ ਪਾਸ ਕਾਲੇ ਖੇਤੀ ਤੋਂ ਲੋਕਾਂ ਨੂੰ ਚੇਤੰਨ ਕਰਨ ਲਈ ਪ੍ਰਚਾਰ ਵੈਨ ਪਿੰਡਾਂ ਨੂੰ ਰਵਾਨਾ ਕੀਤੀ ਹੈ। ਕਿਸਾਨ ਵਿਰੋਧੀ ਕਾਲ਼ੇ ਕਾਨੂੰਨਾਂ ਬਾਰੇ ਪੋਸਟਰ, ਝੰਡੇ, ਕਿਸਾਨ ਬੈਚ ਅਤੇ ਸਟਿੱਕਰਾਂ ਦੇ ਨਾਲ-ਨਾਲ ਪ੍ਰਾਜੈਕਟਰਾਂ ਰਾਹੀਂ ਕਿਸਾਨੀ ਘੋਲ਼ ਦੀਆਂ ਵੀਡੀਓ ਅਤੇ ਗੀਤਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਚਾਰ ਵੈਨ ਦੇ ਇੰਚਾਰਜ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਹੁਣ ਤੱਕ ਇਹ ਵੈਨ ਗੁਰਦਾਸਪੁਰ ਦੇ 150 ਦੇ ਕਰੀਬ ਪਿੰਡਾਂ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਹੋਰਨਾਂ ਵਰਗਾਂ ਨਾਲ ਸੰਪਰਕ ਕਰ ਚੁੱਕੀ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਅਮਰ ਕ੍ਰਾਂਤੀ ਨੇ ਦੱਸਿਆ ਕਿ ਕਾਲ਼ੇ ਕਾਨੂੰਨ ਰੱਦ ਕਰਵਾਉਣ ਲਈ ਵਿਦਿਆਰਥੀ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ। ਗੋਦੀ ਮੀਡੀਆ ਦੇ ਕੂੜ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ਅਤੇ ਕਾਲ਼ੇ ਕਾਨੂੰਨਾਂ ਦੇ ਮਾੜੇ ਪ੍ਰਭਾਵਾਂ ਬਾਰੇ ਪੋਸਟਰ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਤਰਲੋਕ ਸਿੰਘ ਬਹਿਰਾਮਪੁਰ, ਪਲਵਿੰਦਰ ਸਿੰਘ ਕਿਲਾ ਨੱਥੂ ਸਿੰਘ ਵਾਲਾ, ਸਲਵਿੰਦਰ ਸਿੰਘ ਤਾਜ ਗੋਸਲ, ਸਾਗਰ ਸਿੰਘ ਭੋਲ਼ਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਮੋਰਚੇ ਵਿੱਚ ਜੱਥੇ ਬਣਾ ਕੇ ਚਾਲੇ ਪਾਉਣ ਅਤੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਵਿੱਚ ਸਹਿਯੋਗ ਕਰਨ।