ਪੱਤਰ ਪ੍ਰੇਰਕ
ਹੁਸ਼ਿਆਰਪੁਰ, 14 ਅਪਰੈਲ
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਡਾ. ਬੀ.ਆਰ ਅੰਬੇਡਕਰ ਦੇ ਜਨਮ ਦਿਹਾੜੇ ’ਤੇ ਬੱਸ ਸਟੈਂਡ ਚੌਕ ਵਿੱਚ ਸਥਾਪਿਤ ਉਨ੍ਹਾਂ ਦੀ ਮੂਰਤੀ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਕੈਬਨਿਟ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਇਕਜੁੱਟ ਰੱਖਣ ਲਈ ਜੋ ਕੰਮ ਬਾਬਾ ਸਾਹਿਬ ਨੇ ਕੀਤੇ ਹਨ, ਉਨ੍ਹਾਂ ਨੂੰ ਦੇਸ਼ ਕਦੇ ਵੀ ਭੁਲਾ ਨਹੀਂ ਸਕਦਾ।
ਅੰਮ੍ਰਿਤਸਰ (ਪੱਤਰ ਪ੍ਰੇਰਕ): ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡਾ. ਭੀਮ ਰਾਓ ਅੰਬੇਡਕਰ ਨੂੰ ਅਜੋਕੇ ਭਾਰਤ ਦੇ ਨਿਰਮਾਤਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਭਾਰਤ ਨੂੰ ਸਮਾਜਿਕ ਕੁਰੀਤੀਆਂ ਵਿਚੋਂ ਕਾਨੂੰਨ ਦੀ ਮਦਦ ਨਾਲ ਕੱਢ ਕੇ ਨਵੇਂ ਸਮਾਜ ਦੀ ਸਿਰਜਣਾ ਕੀਤੀ ਸੀ, ਜੋ ਆਪਣੇ ਆਪ ਵਿੱਚ ਵੱਡੀ ਮਿਸਾਲ ਹੈ। ਉਹ ਅੱਜ ਅੰਮ੍ਰਿਤਸਰ ਵਿੱਚ ਅੰਬੇਡਕਰ ਜੈਅੰਤੀ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸ੍ਰੀ ਧਾਲੀਵਾਲ ਨੇ ਕਿਹਾ ਕਿ ਭਾਰਤ ਭਾਵੇਂ ਅੰਗਰੇਜ਼ਾਂ ਕੋਲੋਂ ਅਜ਼ਾਦ ਹੋ ਗਿਆ ਸੀ, ਪਰ ਭਾਰਤ ਨੂੰ ਸਮਾਜਿਕ ਕੁਰਤੀਆਂ ਵਿਚੋਂ ਕੱਢਣ, ਸਮਾਜਿਕ ਬਰਾਬਰਤਾ ਵਾਲਾ ਮਾਹੌਲ ਸਿਰਜਣ ਅਤੇ ਸੰਘੀ ਢਾਂਚੇ ਨੂੰ ਚਲਾਉਣ ਲਈ ਜਿਸ ਕਾਨੂੰਨ ਦੀ ਲੋੜ ਸੀ, ਉਹ ਡਾ. ਅੰਬੇਦਕਰ ਦੀ ਹੀ ਦੇਣ ਹੈ। ਇਸ ਮੌਕੇ ਉਨ੍ਹਾਂ ਸਾਰੇ ਪੰਜਾਬ ਵਾਸੀਆਂ ਨੂੰ ਡਾ. ਅੰਬੇਡਕਰ ਦੇ ਰਾਹ ’ਤੇ ਚੱਲਣ ਦਾ ਸੱਦਾ ਦਿੱਤਾ।
ਪਠਾਨਕੋਟ (ਪੱਤਰ ਪ੍ਰੇਰਕ): ਡਾ. ਅੰਬੇਡਕਰ ਦਾ 131ਵਾਂ ਜਨਮ ਦਿਵਸ ਵੱਖ-ਵੱਖ ਪਾਰਟੀਆਂ ਅਤੇ ਪ੍ਰਸ਼ਾਸਨ ਵੱਲੋਂ ਮਨਾਇਆ ਗਿਆ। ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਧਰਮ ਪਾਲ ਭਗਤ ਵੱਲੋਂ ਆਪਣੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿੱਚ ਬਾਬਾ ਸਾਹਿਬ ਦੇ ਬੁੱਤ ਉਪਰ ਸ਼ਰਧਾ ਦੇ ਫੁੱਲ ਭੇਟ ਕੀਤੇ, ਜਦੋਂ ਕਿ ਮਿਨੀ ਸਕੱਤਰੇਤ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਸੰਵਿਧਾਨ ਨਿਰਮਾਤਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਚੇਤਨਪੁਰਾ (ਪੱਤਰ ਪ੍ਰੇਰਕ): ਭਗਵਾਨ ਵਾਲਮੀਕ ਸੰਘਰਸ਼ ਦਲ ਨੇ ਭਲਾ ਪਿੰਡ ਵਿੱਚ ਡਾ. ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਇੱਕ ਧਾਰਮਿਕ ਸਮਾਗਮ ਪ੍ਰਧਾਨ ਜੈਮਲ ਸਿੰਘ ਸ਼ੈਰੀ ਭਲਾ ਪਿੰਡ ਅਤੇ ਰਣਜੀਤ ਸਿੰਘ ਦੀ ਸਾਂਝੀ ਅਗਵਾਈ ਹੇਠ ਕਰਵਾਇਆ। ਇਸ ਵਿਚ ਦਲ ਦੇ ਕੌਮੀ ਚੇਅਰਮੈਨ ਹਰਦੀਸ਼ ਭੰਗਾਲੀ, ਬਾਬਾ ਰਣਜੀਤ ਸਿੰਘ ਮਰੜੀ ਅਤੇ ਹਰਵੰਤ ਸਿੰਘ ਸ਼ਾਮਨਗਰ ਆਦਿ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।
ਫਗਵਾੜਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਡਾ. ਅੰਬੇਡਕਰ ਪਾਰਕ ਵਿੱਚ ਸਥਾਪਤ ਡਾ. ਅੰਬੇਡਕਰ ਦੇ ਬੁੱਤ ਉੱਪਰ ਫੁੱਲ ਭੇਟ ਕਰਕੇ ਉਨ੍ਹਾਂ ਨੂੰ 131ਵੇਂ ਜਨਮ ਜੈਅੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਡਾ. ਅੰਬੇਡਕਰ ਭਵਨ ਪਿੰਡ ਅਠੌਲੀ ਵਿੱਚ ਡਾ. ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਨਿਰਮਲ ਨਿਗਾਹ (ਗੋਰਾ) ਦੀ ਅਗਵਾਈ ’ਚ ਅੰਬੇਡਕਰ ਜੈਅੰਤੀ ਮਨਾਈ ਗਈ। ਆਜ਼ਾਦ ਰੰਗ ਮੰਚ ਨੇ ਉਨ੍ਹਾਂ ਦੀ ਜੀਵਨੀ ਨਾਲ ਸਬੰਧਿਤ ਨਾਟਕ ਖੇਡਿਆ।
ਧਾਰੀਵਾਲ (ਪੱਤਰ ਪ੍ਰੇਰਕ): ਇੱਥੇ ਪਿੰਡ ਕੰਗ (ਧਾਰੀਵਾਲ) ਵਿੱਚ ਵੱਖ ਵੱਖ ਸਮਾਜਸੇਵੀ ਜਥੇਬੰਦੀਆਂ ਦੇ ਆਗੂਆਂ ਵਲੋਂ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ। ਗੁਰੂ ਨਾਨਕ ਦੇਵ ਜੀ ਪਾਰਕ ਕੰਗ ਵਿੱਚ ਸਥਿਤ ਡਾ. ਅੰਬੇਡਕਰ ਦੇ ਬੁੱਤ ਉਤੇ ਫੁੱਲ ਭੇਟ ਕਰਨ ਮਗਰੋਂ ਡਾ. ਕਮਲਜੀਤ ਸਿੰਘ ਕੇ.ਜੇ., ਡਾ: ਨਰਿੰਦਰ ਕੌਰ, ਨੰਦ ਲਾਲ ਕਲਿਆਣਪੁਰੀ ਤੇ ਸਰਪੰਚ ਹਰਪਾਲ ਸਿੰਘ ਕੰਗ ਸਮਾਗਮ ਨੂੰ ਸੰਬੋਧਨ ਕੀਤਾ।
ਤਰਨ ਤਾਰਨ (ਪੱਤਰ ਪ੍ਰੇਰਕ): ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਦੇਸ਼ ਡਾ. ਅੰਬੇਡਕਰ ਦਾ ਸਦਾ ਰਿਣ੍ਹੀ ਰਹੇਗਾ| ਡਾ. ਸੋਹਲ ਅੱਜ ਇਥੇ ਡਾ. ਅੰਬੇਡਕਰ ਦੇ 131ਵੇਂ ਜਨਮ ਦਿਵਸ ਮੌਕੇ ਜਨਤਕ ਜਥੇਬੰਦੀਆਂ ਵਲੋਂ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ|
ਅੰਬੇਡਕਰ ਜੈਅੰਤੀ ਨੂੰ ਸਮਰਪਿਤ ਸੂਬਾਈ ਸੈਮੀਨਾਰ ਅੱਜ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਦਿਹਾਤੀ ਮਜ਼ਦੂਰ ਸਭਾ ਵੱਲੋਂ 15 ਅਪਰੈਲ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਦੇ ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ ਵਿੱਚ ਅੰਬੇਡਕਰ ਜੈਅੰਤੀ ਅਤੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਸੂਬਾਈ ਸੈਮੀਨਾਰ ਕੀਤਾ ਜਾ ਰਿਹਾ ਹੈ। ਮਜ਼ਦੂਰ ਸਭਾ ਦੇ ਸੂਬਾਈ ਜਾਇੰਟ ਸਕੱਤਰ ਸਾਥੀ ਬਲਦੇਵ ਸਿੰਘ ਨੂਰਪੁਰੀ ਨੇ ਇਹ ਜਾਣਕਾਰੀ ਦਿੱਤੀ।