ਰਾਜਨ ਮਾਨ
ਮਜੀਠਾ, 17 ਜੁਲਾਈ
ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਕਿਸਾਨ ਰੈਲੀ ਕਰਕੇ ਸਿਆਸੀ ਆਗੂਆਂ ਨੂੰ ਸਵਾਲਾਂ ਦੇ ਕਟਹਿਰੇ ’ਚ ਖੜ੍ਹਾ ਕਰਨ ਦਾ ਸੱਦਾ ਦਿੱਤਾ ਹੈ। ਅੱਜ ਪਿੰਡ ਝੰਜੋਟੀ ਵਿੱਚ ਕੀਤੀ ਵਿਸ਼ਾਲ ਕਿਸਾਨ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਕਿਸਾਨ ਆਗੂਆਂ ਨੇ ਮੋਦੀ ਸਰਕਾਰ ’ਤੇ ਵਾਰ ਕਰਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਵਾਬਦੇਹ ਕਰਨ ਦਾ ਸੱਦਾ ਦਿੱਤਾ। ਰੈਲੀ ਦੌਰਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਹੁਣ ਸੰਘਰਸ਼ ਉਸ ਮੁਕਾਮ ’ਤੇ ਪਹੁੰਚ ਗਿਆ ਹੈ ਜਿਥੇ ਜਿੱਤ ਉਨ੍ਹਾਂ ਦੇ ਪੈਰ ਚੁੰਮੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰਿਆਣੇ ਦੇ ਕਿਸਾਨਾਂ-ਮਜ਼ਦੂਰਾਂ ’ਤੇ ਦੇਸ਼ ਧ੍ਰੋਹ ਦੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ’ਤੇ ਕਈ ਬੇਬੁਨਿਆਦ ਦੋਸ਼ ਲਾ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਪਰ ਹੁਣ ਮੋਦੀ ਸਰਕਾਰ ਹੋਛੇ ਹੱਥਕੰਡਿਆਂ ’ਤੇ ਉੱਤਰ ਆਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕੇ ਜੇ ਕਿਸਾਨਾਂ ’ਤੇ ਦਰਜ ਝੂਠੇ ਕੇਸ ਵਾਪਸ ਨਾ ਲਏ ਤਾਂ ਭਾਜਪਾ ਸਰਕਾਰ ਦੇ ਆਗੂਆਂ ਦਾ ਘਰਾਂ ’ਚੋਂ ਨਿਕਲਣਾ ਬੰਦ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਹੁਣ ਮੌਨਸੂਨ ਸੈਸ਼ਨ ਆ ਗਿਆ ਹੈ। ਉਸ ਵਿੱਚ ਵਿਰੋਧੀ ਧਿਰਾਂ ਦੇ ਐਮਪੀਜ਼ ਦੀ ਭੂਮਿਕਾ ਕੀ ਹੋਵੇ ਇਸ ਦਾ ਦਬਾਅ ਸੰਸਦ ਮੈਂਬਰਾਂ ’ਤੇ ਪਾਉਣਾ ਚਾਹੀਦਾ ਹੈ। ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਵਿਰੋਧ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ ਨਾ ਕਿ ਪਾਰਲੀਮੈਂਟ ਸੈਸ਼ਨ ਦੌਰਾਨ ਬਾਈਕਾਟ ਕਰਕੇ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਨ ਦਾ ਕੋਈ ਮੌਕਾ ਮੁਹੱਈਆ ਕਰਕੇ ਦੇਣ। ਜਿਸ ਨਾਲ ਕਾਰਪੋਰੇਟ ਪੱਖੀ ਨਵੇਂ ਬਿੱਲ ਪਾਸ ਹੋ ਜਾਣ। ਇਸ ਕਰਕੇ ਸਾਨੂੰ ਸਾਰਿਆਂ ਨੂੰ ਵਿਰੋਧੀ ਧਿਰ ਦੇ ਐਮ ਪੀਜ਼ ਤੇ ਦਬਾਅ ਵਧਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰੋਫੈਸਰ ਸੁਰਿੰਦਰਪਾਲ ਮੰਡ, ਬਚਿੱਤਰ ਸਿੰਘ ਕੋਟਲਾ, ਸੁਖਦੇਵ ਸਿੰਘ ਝੰਜੋਟੀ, ਸਰਪੰਚ ਲਖਵਿੰਦਰ ਸਿੰਘ ਝੰਜੋਟੀ ਨੇ ਵੀ ਸੰਬੋਧਨ ਕੀਤਾ।
ਚੇਤਨਪੁਰਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ ਅੱਜ ਸਿੰਘੂ ਮੋਰਚਾ ਦਿੱਲੀ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਮ੍ਹਣੇ ਨਮਸਤਕ ਹੋਏ। ਉਨ੍ਹਾਂ ਨਾਲ ਕਈ ਕਿਸਾਨ ਆਗੂ ਹਾਜ਼ਰ ਸਨ। ਇੱਥੋਂ ਕਾਰਾਂ ਦੇ ਕਾਫਿਲੇ ਨਾਲ ਪਨੂੰ ਰਾਮਤੀਰਥ ਨਜ਼ਦੀਕ ਪਿੰਡ ਝੰਜੋਟੀ ਪਹੁੰਚੇ ਜਿੱਥੇ ਕਿਸਾਨ ਕਾਨਫਰੰਸ ਵਿੱਚ ਕਿਸਾਨ ਮਰਦ, ਔਰਤਾਂ ਤੇ ਨੌਜਵਾਨ ਹਾਜ਼ਰ ਸਨ।
ਦੇਸ਼ਧ੍ਰੋਹ ਦੇ ਕੇਸ ਕਿਸਾਨ ਅੰਦੋਲਨ ਨੂੰ ਫੇਲ੍ਹ ਨਹੀਂ ਕਰ ਸਕਦੇ: ਪੰਨੂ
ਸ਼ਾਹਕੋਟ (ਪੱਤਰ ਪ੍ਰੇਰਕ) ਪਿੰਡ ਰੇੜ੍ਹਵਾਂ ’ਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਕਿਸਾਨਾਂ ’ਤੇ ਦੇਸ਼ਧ੍ਰੋਹ ਦੇ ਕੇਸ ਦਰਜ ਕਰਕੇ ਕਿਸਾਨਾਂ ਨੂੰ ਡਰਾਉਣ ਦੀ ਚਾਲ ਚੱਲੀ ਹੈ ਪਰ ਕਿਸਾਨਾਂ ’ਤੇ ਦਰਜ ਝੂਠੇ ਦੇਸ਼ ਧ੍ਰੋਹ ਦੇ ਕੇਸ ਤੇ ਉਨ੍ਹਾਂ ਨੂੰ ਜ਼ੇਲ੍ਹਾਂ ’ਚ ਬੰਦ ਕਰਨ ਨਾਲ ਵੀ ਇਹ ਅੰਦੋਲਨ ਫੇਲ੍ਹ ਨਹੀਂ ਹੋ ਸਕਦਾ। ਸੂਬਾ ਵਿੱਤ ਸਕੱਤਰ ਗੁਰਲਾਲ ਸਿੰਘ ਪੰਡੋਰੀ ਨੇ ਕਿਹਾ ਕਿ ਡੀਜ਼ਲ, ਖਾਦ, ਬੀਜ ਮੁੱਲਾਂ, ਰਸੋਈ ਗੈਸ ਤੇ ਨਿੱਤ ਵਰਤੋਂ ਦੀਆਂ ਜ਼ਰੂਰੀ ਵਸਤੂਆਂ ’ਚ ਹੋਏ ਵਾਧੇ ਨੂੰ ਧਿਆਨ ’ਚ ਰੱਖਦੇ ਹੋਏ ਫਸਲਾਂ ਦਾ ਸਮਰਥਨ ਮੁੱਲ ਵੀ ਮਹਿੰਗਾਈ (ਡੀਏ) ਤੇ ਮਹਿੰਗਾਈ ਰਾਹਤ (ਡੀਆਰ) ਜੋੜ ਕੇ ਦਿੱਤਾ ਜਾਵੇ।
ਕਿਸਾਨਾਂ ਵੱਲੋਂ ਸੰਸਦ ਮੈਂਬਰ ਨੂੰ ਚਿਤਾਵਨੀ ਪੱਤਰ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅਮ੍ਰਿਤਸਰ ਦੀਆਂ ਕਿਸਾਨ ਜਥੇਬੰਦੀਆਂ ਨੇ ਸਾਥੀ ਬਲਵਿੰਦਰ ਸਿੰਘ ਦੁਧਾਲਾ, ਧਨਵੰਤ ਸਿੰਘ ਖਤਰਾਏਕਲਾਂ, ਬਲਦੇਵ ਸਿੰਘ ਬੱਲ, ਸਵਿੰਦਰ ਸਿੰਘ, ਸੁਰਜੀਤ ਸਿੰਘ, ਮਹਿਤਾਬ ਸਿੰਘ ਸਿਰਸਾ ਦੀ ਅਗਵਾਈ ਹੇਠ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਚੇਤਾਵਨੀ ਪੱਤਰ ਸੌਂਪਿਆ ਹੈ। ਇਸ ਚਿਤਾਵਨੀ ਪੱਤਰ ’ਚ ਉਨ੍ਹਾਂ ਕਿਹਾ ਕਿ ਪੰਜਾਬ ਦਾ ਕੋਈ ਵੀ ਸੰਸਦ ਮੈਂਬਰ ਸੰਸਦ ਇਜਲਾਸ ਦੌਰਾਨ ਗੈਰ ਹਾਜ਼ਰ ਨਾ ਰਹੇ ਤੇ ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਆਵਾਜ਼ ਬੁਲੰਦ ਕਰੇ। ਜੇਕਰ ਕੋਈ ਸੰਸਦ ਮੈਂਬਰ ਅਜਿਹਾ ਨਹੀਂ ਕਰਦਾ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਉਸਦੀ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਪਾਰਲੀਮੈਂਟ ਮੈਂਬਰ ਔਜਲਾ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਯਕੀਨ ਦਿਵਾਇਆ ਕਿ ਉਹ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਖੇਤੀ ਕਾਨੂੰਨਾਂ ਖਿਲਾਫ ਆਵਾਜ਼ ਬੁਲੰਦ ਕਰਨਗੇ। ਕਿਸਾਨੀ ਕਨੂੰਨ ਰੱਦ ਕਰਾਉਣ ਵਾਸਤੇ ਸਿਰਤੋੜ ਯਤਨ ਕੀਤੇ ਜਾਣਗੇ। ਇਸ ਵੇਲੇ ਲੋਕ ਮਹਿੰਗਾਈ ਦੀ ਮਾਰ ਵੀ ਝੱਲ ਰਹੇ ਹਨ। ਇਸ ਮੌਕੇ ਬਲਕਾਰ ਸਿੰਘ ਦੁਧਾਲਾ, ਨਸੀਬ ਸਿੰਘ ਸਾਂਘਣਾ, ਪਰਮਿੰਦਰ ਸਿੰਘ ਬੱਲ, ਸੁਖਰਾਮ ਸਿੰਘ ਲੁਹਾਰਕਾ, ਸ਼ਮਸੇਰ ਸਿੰਘ ਹੇਰ, ਹਰਜਿੰਦਰ ਸਿੰਘ ਭੱਲਾ ਪਿੰਡ ਤੇ ਹੋਰ ਸ਼ਾਮਲ ਸਨ।