ਗੁਰਬਖਸ਼ਪੁਰੀ
ਤਰਨ ਤਾਰਨ, 10 ਅਕਤੂਬਰ
ਸੂਬਾ ਸਰਕਾਰ ਵਲੋਂ ਪੰਜ ਸਾਲ ਪਹਿਲਾਂ ਬਣਾਈ ਗਈ ਸਕੀਮ ‘ਖੁਸ਼ਹਾਲੀ ਦੇ ਰਾਖੇ ‘ਤਹਿਤ ਕੰਮ ਕਰਦੇ ਆ ਰਹੇ ਸਾਬਕ ਸੈਨਿਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਹਟਾ ਦੇਣ ਖਿਲਾਫ਼ ਅੱਜ ਜ਼ਿਲ੍ਹੇ ਅੰਦਰ ਮੋਟਰਸਾਈਕਲ ਮਾਰਚ ਕੀਤਾ ਅਤੇ ਸਰਕਾਰ ਦੀ ਕਾਰਵਾਈ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਕੈਪਟਨ (ਰਿਟਾਇਰਡ) ਰੁਪਿੰਦਰ ਸਿੰਘ ਦੀ ਅਗਵਾਈ ਵਿੱਚ ਇਸ ਵਿਰੋਧ ਮਾਰਚ ਵਿੱਚ ਸੈਂਕੜੇ ਸਾਬਕ ਸੈਨਿਕਾਂ ਨੇ ਭਾਗ ਲਿਆ। ਪੱਟੀ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਰਿਹਾਇਸ਼ ਦਾ ਘਿਰਾਓ ਕਰਨ ਉਪਰੰਤ ਇਨ੍ਹਾਂ ਸਾਬਕ ਸੈਨਿਕਾਂ ਨੇ ਕੌਮੀ ਸ਼ਾਹ ਮਾਰਗ ਤੇ ਟੌਲ ਪਲਾਜ਼ਾ, ਉਸਮਾਂ ਤੇ ਆ ਕੇ ਸਰਕਾਰ ਖਿਲਾਫ਼ ਵਿਖਾਵਾ ਕੀਤਾ। ਕੈਪਟਨ (ਰਿਟਾਇਰਡ) ਰੁਪਿੰਦਰ ਸਿੰਘ ਨੇ ਇਸ ਮੌਕੇ ਸਾਬਕ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਵਲੋਂ ਉਨ੍ਹਾਂ ਖਿਲਾਫ਼ ਕੋਈ ਕੰਮ ਨਾ ਕਰਨ ਦਾ ਦੋਸ਼ ਲਗਾ ਕੇ ਹਟਾਉਣ ਨਾਲ ਅਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇ ਐਨ ਉਲਟ ਹਕੀਕਤ ਇਹ ਹੈ ਕਿ ਉਨ੍ਹਾਂ ਵਲੋਂ ਲੋਕਾਂ ਦੇ ਮਸਲਿਆਂ ਨੂੰ ਹਲ ਕਰਨ ਸਬੰਧੀ ਭੇਜੀਆਂ ਜਾਂਦੀਆਂ ਰਿਪੋਰਟਾਂ ਤੇ ਸਰਕਾਰ ਅਤੇ ਅਫਸਰਸ਼ਾਹੀ ਦਾ ਵਤੀਰਾ ਹਮੇਸ਼ਾਂ ਉਦਾਸੀਨਤਾ ਵਾਲਾ ਰਿਹਾ ਜਿਸ ਕਰਕੇ ਉਨ੍ਹਾਂ ਵਲੋਂ ਉਠਾਏ ਜਾਂਦੇ ਲੋਕਾਂ ਦੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਰਹੇ| ਸਾਬਕ ਸੈਨਿਕਾਂ ਨੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਦੇ ਜੱਦੀ ਪਿੰਡ ਲਾਲਪੁਰਾ ਤੱਕ ਜਾ ਕੇ ਵੀ ਸਰਕਾਰ ਖਿਲਾਫ਼ ਪ੍ਰਚਾਰ ਕੀਤਾ ਅਤੇ ਸਰਕਾਰ ਵਲੋਂ ਸੂਬੇ ਨੂੰ ਭਰਿਸ਼ਟਾਚਾਰ ਮੁਕਤ ਕਰਨ ਦੇ ਦਾਅਵੇ ਨੂੰ ਕੋਰਾ ਝੂਠ ਦੱਸਿਆ।