ਬੇਅੰਤ ਸਿੰਘ ਸੰਧੂ
ਪੱਟੀ, 8 ਜੁਲਾਈ
ਚੋਣ ਅਧਿਕਾਰੀ ਐੱਸਡੀਐੱਮ (ਪੱਟੀ) ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੱਜ ਨਗਰ ਕੌਂਸਲ ਦਫ਼ਤਰ ਪੱਟੀ ’ਚ ਪ੍ਰਧਾਨਗੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਵਿੱਚ ਲਖਬੀਰ ਕੌਰ ਨੂੰ ਪ੍ਰਧਾਨ, ਬਲਕਾਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਕੁਲਵੰਤ ਸਿੰਘ ਕਲਸੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ। ‘ਆਪ’ ਸਰਕਾਰ ਬਣਨ ਤੋਂ ਬਾਅਦ ਪੱਟੀ ਨਗਰ ਕੌਂਸਲ ਤੋਂ ਕਾਂਗਰਸ ਦੇ ਪ੍ਰਧਾਨ ਦਲਬੀਰ ਸਿੰਘ ਸੇਖੋਂ ਨੂੰ ਬੇਭਰੋਸਗੀ ਮਤੇ ਰਾਹੀਂ ਪ੍ਰਧਾਨਗੀ ਦੇ ਆਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਇਸ ਚੋਣ ਪ੍ਰਕਿਰਿਆ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ ਸਮੇਤ ‘ਆਪ’ ਦੇ ਦੋ ਕੌਂਸਲਰਾਂ ਤੇ ਅਕਾਲੀ ਦਲ ਦੇ ਦੋ ਕੌਂਸਲਰਾਂ ਸਮੇਤ ਕਾਂਗਰਸ ਪਾਰਟੀ ਤੋਂ ਬਾਗੀ ਹੋਏ ਦਸ ਕੌਂਸਲਰਾਂ ਨੇ ਹਿੱਸਾ ਲਿਆ। ਕਾਂਗਰਸ ਦੇ ਸਾਬਕਾ ਪ੍ਰਧਾਨ ਦਲਬੀਰ ਸੇਖੋਂ ਸਮੇਤ ਪੰਜ ਕੌਂਸਲਰਾਂ ਨੇ ਇਸ ਚੋਣ ਪ੍ਰਕਿਰਿਆ ਤੋਂ ਦੂਰੀ ਬਣਾਈ ਹੈ। ਪੱਟੀ ਨਗਰ ਕੌਂਸਲ ਦੇ ਆਹੁਦੇ ’ਤੇ ਨਿਯੁਕਤ ਹੋਈ ਪ੍ਰਧਾਨ ਵਾਰਡ ਨੰਬਰ 7 ਤੋਂ ਕੌਂਸਲਰ ਲਖਬੀਰ ਕੌਰ ਭੁੱਲਰ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਚਾਚੀ ਹੈ ਜਦੋਂ ਕਿ ਮੀਤ ਪ੍ਰਧਾਨ ਦੇ ਆਹੁਦੇ ’ਤੇ ਚੁਣੇ ਗਏ ਕੁਲਵੰਤ ਸਿੰਘ ਕਲਸੀ ਵਾਰਡ ਨੰਬਰ 6 ਤੋਂ ਕੌਂਸਲਰ ਅਤੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਨ।