ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 6 ਅਕਤੂਬਰ
ਕੇਂਦਰ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਚੌਲਾਂਗ ਟੌਲ ਪਲਾਜ਼ਾ ’ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਅਤੇ ਹੋਰ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਲਗਾਇਆ ਧਰਨਾ ਅੱਜ ਦੂਜੇ ਵੀ ਜਾਰੀ ਰਿਹਾ। ਧਰਨੇ ਵਿਚ ਵੱਡੀ ਗਿਣਤੀ ’ਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਟੌਲ ਤੋਂ ਗੱਡੀਆਂ ਬਿਨਾਂ ਫੀਸ ਦਿੱਤੇ ਲੰਘਾਈਆਂ ਜਾ ਰਹੀਆਂ ਹਨ।
ਇਸ ਮੌਕੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਅਮਰਜੀਤ ਸਿੰਘ ਸੰਧੂ, ਹਰਦੀਪ ਖੁੱਡਾ, ਰਣਜੀਤ ਸਿੰਘ ਬਾਜਵਾ ਅਤੇ ਜਰਨੈਲ ਸਿੰਘ ਕੁਰਾਲਾ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ 31 ਕਿਸਾਨ ਯੂਨੀਅਨਾਂ ਦੇ ਫੈਸਲੇ ਮੁਤਾਬਕ ਹੀ ਚਲਾਇਆ ਜਾਵੇਗਾ।
ਪਠਾਨਕੋਟ (ਐੱਨ.ਪੀ. ਧਵਨ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਪਠਾਨਕੋਟ-ਅੰਮ੍ਰਿਤਸਰ ਕੌਮੀ ਮਾਰਗ ’ਤੇ ਸਥਿਤ ਲਦਪਾਲਵਾਂ ਟੌਲ ਪਲਾਜ਼ਾ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਮਾਹੀਚੱਕ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ। ਇੱਥੋਂ ਵਾਹਨ ਬਿਨਾ ਟੌਲ ਫੀਸ ਦਿੱਤੇ ਲੰਘਾਏ ਗਏ। ਇਸੇ ਤਰ੍ਹਾਂ ਨੈਸ਼ਨਲ ਹਾਈਵੇਅ ’ਤੇ ਸਥਿਤ ਪਿੰਡ ਕੋਟਲੀ ਦੇ ਰਿਲਾਇੰਸ ਪੈਟਰੋਲ ਪੰਪ ਦੇ ਮੂਹਰੇ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਧਰਨਾ ਦਿੱਤਾ ਗਿਆ। ਇਸ ਪ੍ਰਦਰਸ਼ਨ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਇੰਦਰਜੀਤ ਪਾਲ ਸਿੰਘ, ਕਿਸਾਨ ਮਾਝਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਮਲਜੀਤ ਸਿੰਘ ਨੀਟਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਪਾਲ ਸਿੰਘ ਚਿੱਟੀ, ਗੁਰਪਾਲ ਸਿੰਘ ਪਾਲੀ, ਰੋਮਨ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਜਿੰਦਰ ਸਿੰਘ ਹਾਜ਼ਰ ਹੋਏ।
ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਜਲੰਧਰ (ਪਾਲ ਸਿੰਘ ਨੌਲੀ): ਕਿਸਾਨਾਂ ਨੇ ਰਿਲਾਇੰਸ ਕੰਪਨੀ ਦੇ ਕਾਰੋਬਾਰਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਕਿਸਾਨਾਂ ਦੀ ਆਰਥਿਕਤਾ ’ਤੇ ਸੱਟ ਮਾਰ ਰਹੀ ਹੈ, ਉਸੇ ਤਰ੍ਹਾਂ ਅੰਬਾਨੀਆਂ ਤੇ ਅਡਾਨੀਆਂ ਦੀ ਆਰਥਿਕਤਾ ਦਾ ਜ਼ਰੀਆ ਬਣੇ ਕਾਰੋਬਾਰਾਂ ’ਤੇ ਸੱਟ ਮਾਰੀ ਜਾਵੇਗੀ। ਕਿਸਾਨਾਂ ਨੇ ਅੱਜ ਜਲੰਧਰ ਵਿਚ ਰਿਲਾਇੰਸ ਦੇ ਮਾਲ ਅੱਗੇ ਅਤੇ ਪੈਟਰੋਲ ਪੰਪ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਵਿੱਚ ਕੇਂਦਰ ਸਰਕਾਰ ਵੱਲੋਂ ਪਾਸੇ ਕੀਤੇ ਗਏ ਖੇਤੀ ਬਿੱਲਾਂ ਨੂੰ ਲੈ ਕੇ ਆਏ ਦਿਨ ਗੁੱਸਾ ਵਧਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟ ਤੇ ਬੀਕੇਯੂ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰਹੇਗਾ।