ਐਨ.ਪੀ.ਧਵਨ
ਪਠਾਨਕੋਟ, 1 ਅਪਰੈਲ
ਅੱਜ ਸਵੇਰੇ 7:30 ਵਜੇ ਦੇ ਕਰੀਬ ਇੱਕ ਵੱਡਾ ਹਾਦਸਾ ਉਸ ਵੇਲੇ ਟਲ ਗਿਆ ਜਦੋਂ ਰਾਜਪਰੂਰਾ ਪਿੰਡ ਵਿੱਚੋਂ ਸਕੂਲੀ ਬੱਚੇ ਲੈ ਕੇ ਜਾ ਰਹੀ ਸੰਤੁਲਨ ਵਿਗੜ ਜਾਣ ਨਾਲ ਖੇਤਾਂ ਵਿੱਚ ਜਾ ਪਲਟ ਗਈ। ਇਸ ਦੌਰਾਨ ਉੱਥੇ ਖੇਤਾਂ ਵਿੱਚ ਕੰਮ ਕਰ ਰਹੇ ਨੌਜਵਾਨ ਤੁਰੰਤ ਦੌੜ ਕੇ ਆਏ ਅਤੇ ਉਨ੍ਹਾਂ ਬੱਸ ਵਿੱਚੋਂ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਉਸ ਵੇਲੇ ਬੱਸ ਵਿੱਚ ਕੁੱਲ 12 ਬੱਚੇ ਸਵਾਰ ਸਨ ਜਿਨ੍ਹਾਂ ਵਿੱਚੋਂ ਕੁੱਝ ਦੇ ਮਾਮੂਲੀ ਸੱਟਾਂ ਵੱਜੀਆਂ।
ਹਾਦਸੇ ਦਾ ਪਤਾ ਲੱਗਦੇ ਸਾਰ ਹੀ ਬੱਚਿਆਂ ਦੇ ਮਾਪੇ ਮੌਕੇ ਤੇ ਪੁੱਜ ਗਏ ਅਤੇ ਉਨ੍ਹਾਂ ਡਰਾਈਵਰ ਉਪਰ ਲਾਪਰਵਾਹੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਬੱਸ ਨੂੰ ਡਰਾਈਵਰ ਨਹੀਂ ਕੰਡਕਟਰ ਚਲਾ ਰਿਹਾ ਸੀ ਜੋ ਅਜੇ ਸਿਖਾਂਦੜੂ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦੁਰਘਟਨਾ ਦੀ ਜਾਂਚ ਕੀਤੀ ਜਾਵੇ ਤਾਂ ਜੋ ਦੁਬਾਰਾ ਅਜਿਹੀ ਘਟਨਾ ਨਾ ਵਾਪਰੇ।
ਦੂਸਰੇ ਪਾਸੇ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਉਸ ਦੀ ਬੱਸ ਦੇ ਸਾਹਮਣੇ ਅਚਾਨਕ ਕੁੱਤਾ ਆ ਗਿਆ ਅਤੇ ਉਸ ਨੂੰ ਬਚਾਉਣ ਦੇ ਚੱਕਰ ਵਿੱਚ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਖੇਤਾਂ ’ਚ ਜਾ ਕੇ ਪਲਟ ਗਈ। ਉਸ ਨੇ ਕੰਡਕਟਰ ਵੱਲੋਂ ਬੱਸ ਚਲਾਉਣ ਦੇ ਦੋਸ਼ਾਂ ਨੂੰ ਮੁੱਢੋਂ ਰੱਦ ਕੀਤਾ। ਮੌਕੇ ’ਤੇ ਜਾਂਚ ਕਰਨ ਪੁੱਜੇ ਥਾਣਾ ਕਾਨਵਾਂ ਦੇ ਮੁਖੀ ਨੇ ਕਿਹਾ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਕਸੂਰਵਾਰ ਹੋਵੇਗਾ, ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਬਾਂਸਾਂ ਨਾਲ ਭਰਿਆ ਟਰੱਕ ਪਲਟਿਆ
ਫਗਵਾੜਾ: ਇੱਥੇ ਅੱਜ ਸਵੇਰੇ ਪਿੰਡ ਖਾਟੀ ਨੇੜੇ ਬਾਂਸਾਂ ਨਾਲ ਭਰੇ ਆ ਰਹੇ ਇੱਕ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਇਹ ਪਲਟ ਗਿਆ ਜਿਸ ਕਾਰਨ ਟਰੈਫ਼ਿਕ ਜਾਮ ਹੋ ਗਿਆ ਪਰ ਕੋਈ ਵੀ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਾਂਸਾਂ ਦਾ ਭਰਿਆ ਟਰੱਕ ਜੋ ਹੁਸ਼ਿਆਰਪੁਰ ਸਾਈਡ ਤੋਂ ਆ ਰਿਹਾ ਸੀ ਤੇ ਲੁਧਿਆਣਾ ਨੂੰ ਜਾਣਾ ਸੀ ਪਰ ਪਿੰਡ ਖਾਟੀ ਲਾਗੇਂ ਲਾਈਟਾਂ ਪੈਣ ਕਾਰਨ ਡਰਾਇਵਰ ਕੋਲੋਂ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਇਹ ਪਲਟ ਗਿਆ। ਮੌਕੇ ’ਤੇ ਲੋਕਾਂ ਨੇ ਜੇਸੀਬੀ ਮਸ਼ੀਨ ਦੀ ਮੱਦਦ ਨਾਲ ਟਰੱਕ ਨੂੰ ਸਾਈਡ ’ਤੇ ਕਰਵਾਇਆ। -ਪੱਤਰ ਪ੍ਰੇਰਕ