ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ,7 ਅਪਰੈਲ
ਇਲਾਕੇ ਦੇ ਪਿੰਡ ਉਦੋਵਾਲੀ ਖੁਰਦ ਵਿੱਚ ਬੀਤੀ ਰਾਤ ਗੱਡੀ ਚ ਗਾਣਿਆਂ ਦੀ ਆਵਾਜ਼ ਤੋਂ ਹੋਈ ਤਕਰਾਰ ਤੋਂ ਬਾਅਦ ਮਾਲੇਵਾਲ ਦੇ ਇੱਕ ਵਿਅਕਤੀ ਵੱਲੋਂ ਆਪਣੇ ਕੁੱਝ ਸਾਥੀਆਂ ਸਮੇਤ ਪਿੰਡ ਦੇ ਦੋ ਘਰਾਂ ਉੱਤੇ ਕਰੀਬ 20 ਤੋਂ 25 ਗੋਲੀਆਂ ਚਲਾਈਆਂ ਗਈਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਬਲਦੇਵ ਸਿੰਘ ਅਤੇ ਬਲਬੀਰ ਸਿੰਘ ਨੇ ਦੱਸਿਆ ਹੈ ਕਿ ਹਮਲਾਵਰ ਭੁਪਿੰਦਰ ਸਿੰਘ ਭਿੰਦਾ ਇੱਕ ਅਣਪਛਾਤੇ ਨੌਜਵਾਨ ਨਾਲ ਆਪਣੀ ਗੱਡੀ ਵਿੱਚ ਉੱਚੀ ਗਾਣੇ ਲਗਾ ਕੇ ਸੁਣ ਰਿਹਾ ਸੀ ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਵੱਲੋਂ ਸਾਡੇ ਨਾਲ ਹੱਥੋਪਾਈ ਕੀਤੀ ਗਈ| ਉਨ੍ਹਾਂ ਦੱਸਿਆ ਕਿ ਦੇਰ ਰਾਤ 12:30 ਵਜੇ ਭਿੰਦਾ ਮੁੜ ਇੱਕ ਗੱਡੀ ਅਤੇ ਤਿੰਨ ਮੋਟਰਸਾਈਕਲਾਂ ਉੱਤੇ 10 ਨੌਜਵਾਨਾਂ ਨੂੰ ਨਾਲ ਲੈ ਕੇ ਆਇਆ ਤੇ ਸਾਡੇ ਘਰ ਬਾਹਰ ਗੋਲੀਆਂ ਤੇ ਇੱਟਾਂ ਰੋੜੇ ਚਲਾਏ | ਘਟਨਾ ਤੋਂ ਬਾਅਦ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲੀਸ ਨੇ ਹਮਲਾਵਰ ਭੁਪਿੰਦਰ ਸਿੰਘ ਸਮੇਤ 8 ਅਣਪਛਾਤੇ ਵਿਅਕਤੀਆਂ ਖਿਲਾਫ਼ 307,452, 25,27, 54, 59, 427 ਤੇ ਹੋਰ ਵੱਖ ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ| ਇਸ ਦੌਰਾਨ ਪੀੜਤ ਪਰਿਵਾਰਾਂ ਦਾ ਹਾਲ ਪੁੱਛਣ ਲਈ ਡੇਰਾ ਬਾਬਾ ਨਾਨਕ ਹਲਕੇ ਤੋਂ ਆਪ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਰੰਧਾਵਾ ਪੀੜਤਾਂ ਦੇ ਘਰ ਪਹੁੰਚੇ।