ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 26 ਅਕਤੂਬਰ
ਬਿਜਲੀ ਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਚੀਫ ਆਰਕੀਟੈਕਟ ਪੰਜਾਬ ਨੂੰ ਨਾਲ ਲੈ ਕੇ ਸਰਕਾਰੀ ਇਮਾਰਤਾਂ ਦੀ ਦਿੱਖ ਨੂੰ ਬਦਲਣ ਲਈ ਸ਼ਹਿਰ ਦਾ ਦੌਰਾ ਕੀਤਾ ਤੇ ਚੀਫ਼ ਆਰਕੀਟੈਕਟ ਨੂੰ ਸਾਰੀਆਂ ਇਮਾਰਤਾਂ ਨੂੰ ਖੁਦ ਦਿਖਾਇਆ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਅੱਜ ਉਹ ਆਪ ਪੰਜਾਬ ਸਰਕਾਰ ਦੀ ਚੀਫ਼ ਆਰਕੀਟੈਕਟ ਮੈਡਮ ਸਪਨਾ ਨੂੰ ਨਾਲ ਲੈ ਕੇ ਜੰਡਿਆਲਾ ਗੁਰੂ ਦੀਆਂ ਸਰਕਾਰੀ ਇਮਾਰਤਾਂ ਦਾ ਮੁਆਇਨਾ ਕਰ ਰਹੇ ਹਨ ਤਾਂ ਜੋ ਸਰਕਾਰੀ ਇਮਾਰਤਾਂ ਸੁੰਦਰ ਦਿੱਖ ਦੇ ਨਾਲ ਨਾਲ ਲੋਕਾਂ ਲਈ ਵੀ ਅਨਕੂਲ ਹੋਣ। ਇਨ੍ਹਾਂ ਵਿੱਚ ਪੰਜਾਬ ਦੇ ਮੌਸਮ ਅਨੁਸਾਰ ਹਵਾ ਦਾ ਸੰਚਾਰ ਵੀ ਹੁੰਦਾ ਰਹੇ ਤੇ ਸਰਦੀਆਂ ਵਿੱਚ ਰੋਸ਼ਨੀ ਤੇ ਧੁੱਪ ਦਾ ਯੋਗ ਦਾ ਪ੍ਰਬੰਧ ਵੀ ਰਹੇ। ਉਨ੍ਹਾਂ ਦੱਸਿਆ ਅੱਜ ਚੀਫ ਆਰਕੀਟੈਕਟ ਨੂੰ ਜੰਡਿਆਲਾ ਗੁਰੂ ਹਲਕੇ ਦੀਆਂ ਇਮਾਰਤਾਂ ਜਿਨ੍ਹਾਂ ਵਿੱਚ ਸਰਕਾਰੀ ਸਕੂਲ, ਹਸਪਤਾਲ, ਦਫ਼ਤਰ ਨਗਰ ਕੌਂਸਲ, ਬਾਜ਼ਾਰ ਠਠਿਆਰਾਂ ਵਾਲਾ ਆਦਿ ਸ਼ਾਮਲ ਹਨ, ਨਾਲ ਜਾ ਕੇ ਦਿਖਾਏ। ਉਨ੍ਹਾਂ ਕਿਹਾ ਇਨ੍ਹਾਂ ਇਮਾਰਤਾਂ ’ਚ ਜੋ ਘਾਟਾਂ ਹਨ, ਨੂੰ ਦੂਰ ਕੀਤਾ ਜਾਵੇ। ਈਟੀਓ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਬਹੁਤ ਸਾਰੇ ਵਿਭਾਗਾਂ ਵਿੱਚ ਲੋਕਾਂ ਦੇ ਬੈਠਣ, ਪੀਣ ਵਾਲਾ ਪਾਣੀ, ਪਾਖਾਨੇ ਆਦਿ ਦੀ ਸਮੱਸਿਆ ਹੈ, ਨੂੰ ਦੂਰ ਜਾਵੇਗਾ। ਉਨ੍ਹਾਂ ਮੁੱਖ ਆਰਕੀਟੈਕਟ ਨੂੰ ਕਿਹਾ ਕਿ ਸਰਕਾਰੀ ਇਮਾਰਤਾਂ ਦਾ ਨਕਸ਼ਾ ਇਸ ਤਰ੍ਹਾਂ ਬਣਾਇਆ ਜਾਵੇ ਕਿ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਸਕਣ।