ਕੇ.ਪੀ ਸਿੰਘ
ਗੁਰਦਾਸਪੁਰ, 17 ਅਗਸਤ
ਭਾਰਤ ਪਾਕ ਕੌਮਾਂਤਰੀ ਸਰਹੱਦ ਤੇ ਤਾਇਨਾਤ ਬੀਐੱਸਐੱਫ ਦੇ ਜਵਾਨ ਪਾਕੀ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਚੌਕਸ ਹਨ ਅਤੇ ਦੁਸ਼ਮਣ ਦੀ ਕਿਸੇ ਵੀ ਕੋਝੀ ਹਰਕਤ ਦਾ ਜਵਾਬ ਦੇਣ ਲਈ ਤਿਆਰ ਹਨ । ਇਹ ਗੱਲ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ । ਉਨ੍ਹਾਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਸੁਰੱਖਿਆ ਲਈ ਬੀਐੱਸਐੱਫ ਦਾ ਸਹਿਯੋਗ ਦੇਣ ਅਤੇ ਜੇ ਉਨ੍ਹਾਂ ਨੂੰ ਅਸਮਾਨ ਵਿੱਚ ਕੋਈ ਡਰੋਨ ਦਿਖਾਈ ਦਿੰਦਾ ਹੈ ਤਾਂ ਤੁਰੰਤ ਇਸ ਦੀ ਇਤਲਾਹ ਬੀਐੱਸਐੱਫ ਦੀ ਬੀਓਪੀ ’ਤੇ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਸਰਹੱਦ ਉੱਤੇ ਤਾਇਨਾਤ ਬੀ ਐੱਸ ਐੱਫ ਦੇ ਜਵਾਨ ਅਤੇ ਮਹਿਲਾ ਕਾਂਸਟੇਬਲ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬੇ ਫ਼ੇਲ੍ਹ ਕਰਨ ਲਈ ਪੂਰੀ ਤਰ੍ਹਾਂ ਮੁਸਤੈਦ ਹਨ। ਉਨ੍ਹਾਂ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀਆਂ ਵੱਖ- ਵੱਖ ਬਟਾਲੀਅਨਾਂ ਵੱਲੋਂ 38 ਹਜ਼ਾਰ 700 ਦੇ ਕਰੀਬ ਫਲਦਾਰ, ਫੁੱਲਦਾਰ, ਸਜਾਵਟੀ ਅਤੇ ਆਕਸੀਜਨ ਪੈਦਾ ਕਰਨ ਵਾਲੇ ਬੂਟੇ ਲਗਾਏ ਗਏ ਹਨ । ਇਸ ਮੌਕੇ ਤੇ ਉਨ੍ਹਾਂ ਨਾਲ ਰਣਜੋਧ ਸਿੰਘ ਔਜਲਾ ਸੈਕੰਡ ਇਨਕਮਾਂਡ, ਰਜਨੀਸ਼ ਕੁਮਾਰ ਡਿਪਟੀ ਕਮਾਡੈਂਟ ਵੀ ਮੌਜੂਦ ਸਨ ।