ਦਾਰਾਪੁਰ ਵਿੱਚ ਦੋ ਧੜਿਆਂ ’ਚ ਚੱਲੀਆਂ ਇੱਟਾਂ

ਦਾਰਾਪੁਰ ਵਿੱਚ ਦੋ ਧੜਿਆਂ ’ਚ ਚੱਲੀਆਂ ਇੱਟਾਂ

ਫਤਿਹਜੰਗ ਬਾਜਵਾ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕ।

ਵਰਿੰਦਰਜੀਤ ਜਾਗੋਵਾਲ

ਕਾਹਨੂੰਵਾਨ, 20 ਜੂਨ

ਪੁਲੀਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਦਾਰਾਪੁਰ ਵਿਚ ਈਸਾਈ ਭਾਈਚਾਰੇ ਦੇ ਦੋ ਧੜਿਆਂ ਵਿਚ ਚੱਲ ਰਹੀ ਲੜਾਈ ਉਸ ਵੇਲੇ ਗੰਭੀਰ ਰੂਪ ਅਖਤਿਆਰ ਕਰ ਗਈ ਜਦੋਂ ਮੌਕਾ ਵੇਖਣ ਪੁੱਜੀ ਪੁਲੀਸ ਉੱਤੇ ਵੀ ਕੁਝ ਸ਼ਰਾਰਤੀ ਲੋਕਾਂ ਨੇ ਇੱਟਾਂ ਅਤੇ ਰੋੜਿਆਂ ਨਾਲ ਹਮਲਾ ਕਰ ਦਿੱਤਾ। ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੌਕੇ ’ਤੇ ਪੁੱਜੀ ਪੁਲੀਸ ਨੇ ਇਕ ਧਿਰ ਨਾਲ ਬਹੁਤ ਜ਼ਿਆਦਾ ਵਧੀਕੀ ਕੀਤੀ। ਦੂਜੇ ਪਾਸੇ ਜਦੋਂ ਮੀਡੀਆ ਵੱਲੋਂ ਮੌਕੇ ’ਤੇ ਵੇਖਿਆ ਗਿਆ ਤਾਂ ਪਿੰਡ ਦੇ ਦੋ ਧੜੇ ਪੁਲੀਸ ਦੀ ਹਾਜ਼ਰੀ ਵਿੱਚ ਵੀ  ਆਪਸ ਵਿੱਚ ਜਿੱਥੇ ਗਾਲ਼ੀ ਗਲੋਚ ਕਰ ਰਹੇ ਸਨ ਉਥੇ ਘਰਾਂ ਦੀਆਂ ਛੱਤਾਂ ਉਤੇ ਇਕ ਦੂਜੇ ਉਪਰ ਪੱਥਰਬਾਜ਼ੀ ਅਤੇ ਰੋੜੇ ਵੀ ਵਰ੍ਹਾ ਰਹੇ ਸਨ। ਇਸ ਮੌਕੇ ਲੋਕਾਂ ਵੱਲੋਂ ਇੱਕ ਦੂਜੇ ’ਤੇ ਦੂਸ਼ਣਬਾਜ਼ੀ ਵੀ ਕੀਤੀ ਜਾ ਰਹੀ ਸੀ। ਇਸ ਸਬੰਧੀ ਵੱਖ-ਵੱਖ ਧੜਿਆਂ ਦੇ ਵਿਲਸਨ ਮਸੀਹ, ਆਸ਼ਾ, ਰਾਜੀਵ ਕੁਮਾਰ ਅਤੇ ਯੂਨਸ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਸਰਕਾਰ ਵੱਲੋਂ ਮਿਲਣ ਵਾਲੇ ਪਲਾਟਾਂ ਨੂੰ ਲੈ ਕੇ ਰੰਜਿਸ਼ਬਾਜ਼ੀ ਵਧ ਗਈ।  ਇਸ ਮੌਕੇ ਲੋਕਾਂ ਨੇ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਕਾਂਗਰਸ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।  ਇਸ ਸਬੰਧੀ ਜਦੋਂ ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਇੰਸਪੈਕਟਰ ਸੁਰੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਕੁਝ ਸ਼ਰਾਰਤੀ ਲੋਕਾਂ ਨੇ ਪੁਲੀਸ ਪਾਰਟੀ ਨਾਲ ਵੀ ਬਦਸਲੂਕੀ ਕੀਤੀ ਅਤੇ ਪੁਲੀਸ ਮੁਲਾਜ਼ਮ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਸਾਰੀ ਵਾਰਦਾਤ ਦੇ ਖ਼ਿਲਾਫ਼ ਪੁਲੀਸ ਸਖ਼ਤ ਕਾਨੂਨੀ ਕਾਰਵਾਈ ਕਰੇਗੀ।

ਦੁਕਾਨਦਾਰਾਂ ਦਰਮਿਆਨ ਤਕਰਾਰ ਦੌਰਾਨ ਗੋਲੀ ਚੱਲੀ, ਇੱਕ ਜ਼ਖ਼ਮੀ

ਬਟਾਲਾ (ਹਰਜੀਤ ਸਿੰਘ ਪਰਮਾਰ): ਸਥਾਨਕ ਸਿਟੀ ਰੋਡ ’ਤੇ ਦੋ ਦੁਕਾਨਦਾਰਾਂ ਵਿਚਕਾਰ ਗੱਡੀ ਲਾਉਣ ਨੂੰ ਲੈ ਕੇ ਹੋਏ ਤਕਰਾਰ ਦੌਰਾਨ ਗੋਲ਼ੀ ਚੱਲ ਗਈ। ਇਸ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਥਾਣਾ ਸਿਟੀ ਵਿੱਚ ਅੱਠ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਸਿਵਲ ਹਸਪਤਾਲ ਬਟਾਲਾ ਵਿੱਚ ਜ਼ੇਰੇ ਇਲਾਜ ਰਾਜਨ ਸਰੀਨ ਨੇ ਦੱਸਿਆ ਕਿ ਸਿਟੀ ਰੋਡ ’ਤੇ ਉਸ ਦੇ ਚਾਚਾ ਦੀ ਗਾਰਮੈਂਟਸ ਦੀ ਦੁਕਾਨ ਹੈ ਅਤੇ ਉਸ ਦੇ ਨਾਲ ਹੀ ਇੱਕ ਹੋਰ ਗਾਰਮੈਂਟਸ ਦੀ ਦੁਕਾਨ ਹੈ। ਰਾਤ ਕਰੀਬ 9 ਵਜੇ ਉਹ ਉਹ ਆਪਣੀ ਦੁਕਾਨ ਉੱਪਰ ਲੈਂਟਰ ਪਾ ਰਹੇ ਸਨ ਕਿ ਉਸ ਦੇ ਗੁਆਂਢੀ ਦੁਕਾਨਦਾਰ ਨੇ ਉਨ੍ਹਾਂ ਦੀ ਦੁਕਾਨ ਦੇ ਸਾਹਮਣੇ ਗੱਡੀ ਖੜ੍ਹੀ ਕਰ ਦਿੱਤੀ। ਉਨ੍ਹਾਂ ਉਸ ਨੂੰ ਉੱਥੋਂ ਗੱਡੀ ਹਟਾਉਣ ਨੂੰ ਕਿਹਾ ਪਰ ਉਸ ਨੇ ਤੈਸ਼ ਵਿੱਚ ਆ ਕੇ ਆਪਣੇ ਹੋਰ ਸਾਥੀ ਬੁਲਾ ਲਏ ਅਤੇ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗੁਆਂਢੀ ਦੁਕਾਨਦਾਰ ਦੇ ਲੜਕੇ ਨੇ ਉਨ੍ਹਾਂ ’ਤੇ ਗੋਲ਼ੀ ਚਲਾ ਦਿੱਤੀ ਅਤੇ ਇੱਕ ਗੋਲ਼ੀ ਵਿਵਾਦ ਹਟਾਉਣ ਆਏ ਸੋਮਿਲ ਕੁਮਾਰ ਸੇਖੜੀ ਦੇ ਪੈਰ ਵਿੱਚ ਲੱਗੀ। ਜ਼ਖਮੀ ਨੂੰ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਸੁਖਇੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੰਜੀਵ ਮਲਹੋਤਰਾ ਸਣੇ ਅੱਠ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਸਾਰੇ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All