ਰਿਸ਼ਵਤ ਮਾਮਲਾ: ਏਐੱਸਆਈ ਦੀ ਪੇਸ਼ੀ ਮੌਕੇ ਅਦਾਲਤ ਦੇ ਬਾਹਰ ਹੰਗਾਮਾ

ਰਿਸ਼ਵਤ ਮਾਮਲਾ: ਏਐੱਸਆਈ ਦੀ ਪੇਸ਼ੀ ਮੌਕੇ ਅਦਾਲਤ ਦੇ ਬਾਹਰ ਹੰਗਾਮਾ

ਅਦਾਲਤ ਵਿੱਚ ਏਐੱਸਆਈ ਨੂੰ ਫੜ ਕੇ ਦੋਸ਼ ਲਾਉਂਦਾ ਹੋਇਆ ਦਿਲਬਾਗ ਸਿੰਘ।

ਨਰਿੰਦਰ ਸਿੰਘ
ਭਿੱਖੀਵਿੰਡ, 28 ਅਕਤੂਬਰ

ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਥਾਣਾ ਖਾਲੜਾ ਵਿਖੇ ਤਾਇਨਾਤ ਏਐੱਸਆਈ ਸਤਨਾਮ ਸਿੰਘ ਦੀ ਰਿਸ਼ਵਤ ਲੈਂਦਿਆਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਉਸ ਖ਼ਿਲਾਫ਼ ਥਾਣਾ ਖਾਲੜਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਜ ਉਸ ਨੂੰ ਪੱਟੀ ਅਦਾਲਤ ਵਿਖੇ ਜਦੋਂ ਪੇਸ਼ੀ ਲਈ ਲਿਜਾਇਆ ਗਿਆ ਤਾਂ ਪੱਟੀ ਕਚਹਿਰੀਆਂ ਦੇ ਬਾਹਰ ਭਾਰੀ ਹੰਗਾਮਾ ਖੜ੍ਹਾ ਹੋ ਗਿਆ।

ਪੁਲੀਸ ਜਿਵੇਂ ਹੀ ਏਐੱਸਆਈ ਸਤਨਾਮ ਸਿੰਘ ਨੂੰ ਲੈ ਕੇ ਕਚਹਿਰੀਆਂ ਦੇ ਬਾਹਰ ਪੁੱਜੀ ਤਾਂ ਉਥੇ ਪਹਿਲਾ ਤੋਂ ਖੜ੍ਹੇ ਦਿਲਬਾਗ ਸਿੰਘ ਵਾਸੀ ਪਿੰਡ ਸਵਰਗਾਪੁਰੀ ਨੇ ਏਐੱਸਆਈ ਸਤਨਾਮ ਸਿੰਘ ਉੱਪਰ ਰਿਸ਼ਵਤ ਲੈਣ ਦੇ ਦੋਸ਼ ਲਗਾ ਦਿੱਤੇ। ਨਾਲ ਹੀ ਦਿਲਬਾਗ ਸਿੰਘ ਨੇ ਖਾਲੜਾ ਪੁਲੀਸ ਦੇ ਹੀ ਏਐੱਸਆਈ ਸਾਹਿਬ ਸਿੰਘ ਅਤੇ ਐੱਸਐੱਚਓ ਜਸਵੰਤ ਸਿੰਘ ਉੱਪਰ 60 ਹਜ਼ਾਰ ਰਿਸ਼ਵਤ ਲੈਣ ਦੇ ਦੋਸ਼ ਲਗਾਏ। ਦਿਲਬਾਗ ਸਿੰਘ ਵਲੋਂ ਰੌਲਾ ਪਾਉਣ ’ਤੇ ਪੁਲੀਸ ਏਐੱਸਆਈ ਨੂੰ ਕਾਹਲੀ ਨਾਲ ਕਚਹਿਰੀਆਂ ਅੰਦਰ ਲੈ ਗਈ। ਪੇਸ਼ੀ ਤੋਂ ਬਾਅਦ ਜਦੋਂ ਦਿਲਬਾਗ ਸਿੰਘ ਨੇ ਏਐੱਸਆਈ ਸਤਨਾਮ ਸਿੰਘ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਪਾਰਟੀ ਗੱਡੀ ਬਦਲ ਕੇ ਤੇਜ਼ੀ ਨਾਲ਼ ਸਤਨਾਮ ਸਿੰਘ ਨੂੰ ਉਥੋਂ ਕੱਢ ਕੇ ਲੈ ਗਈ। ਇਸੇ ਦੌਰਾਨ ਉਥੇ ਏਐੱਸਆਈ ਸਾਹਿਬ ਸਿੰਘ ਪੁੱਜ ਗਏ। ਜਦੋਂ ਦਿਲਬਾਗ ਸਿੰਘ ਵਲੋਂ ਸਾਹਿਬ ਸਿੰਘ ਕੋਲੋਂ ਆਪਣੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਤਾਂ ਏਐੱਸਆਈ ਸਾਹਿਬ ਸਿੰਘ ਮੀਡੀਆ ਦੇ ਕੈਮਰਿਆਂ ਨੂੰ ਦੇਖ ਬਚ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਆਪਣੀ ਗੱਡੀ ਭਜਾ ਕੇ ਖਿਸਕ ਗਿਆ। ਦਿਲਬਾਗ ਸਿੰਘ ਨੇ ਦੋਸ਼ ਲਗਾਏ ਕਿ ਊਸ ਪਾਸੋਂ ਜਸਵੰਤ ਸਿੰਘ ਐੱਸਐਚਓ ਖਾਲੜਾ, ਏਐੱਸਆਈ ਸਤਨਾਮ ਸਿੰਘ ਅਤੇ ਸਾਹਿਬ ਸਿੰਘ ਏਐੱਸਆਈ ਥਾਣਾ ਖਾਲੜਾ ਵਲੋਂ ਝੂਠੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ 60 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਹੈ। ਜਦਕਿ ਉਹ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਝੂਠੇ ਪਰਚੇ ਦਰਜ ਕਰ ਦਿੱਤੇ ਗਏ ਹਨ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਕੋਈ ਭਰਾ ਨਾ ਹੋਣ ਕਾਰਨ ਪਿੰਡ ਨਾਰਲੀ ਵਿਖੇ ਸਥਿਤ ਤਿੰਨ ਏਕੜ ਜ਼ਮੀਨ ਦੀ ਵਸੀਅਤ ਉਸਦੇ ਸਹੁਰੇ ਵਲੋਂ ਉਸ ਦੀ ਪਤਨੀ ਅਤੇ ਉਸ ਦੀ ਭੈਣ ਦੇ ਨਾਮ ਕੀਤੀ ਗਈ ਸੀ, ਪਰ ਉਸ ਪਤਨੀ ਦੇ ਚਾਚੇ ਦਾ ਪੁੱਤਰ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦਾ ਹੈ ਜਿਸ ਨਾਲ ਮਿਲ ਕੇ ਪੁਲੀਸ ਨੇ ਊਸ ਨੂੰ ਧਮਕੀਆਂ ਦੇ ਕੇ 60 ਹਜ਼ਾਰ ਰੁਪਏ ਲਏ ਤੇ ਝੂਠੇ ਪਰਚੇ ਵੀ ਦਰਜ ਦਿੱਤੇ। ਦਿਲਬਾਗ ਸਿੰਘ ਦਾ ਦੋਸ਼ ਸੀ ਕਿ ਉਸ ਨੇ ਆਪਣੀ ਡੇਢ ਏਕੜ ਜ਼ਮੀਨ ਗਹਿਣੇ ਰੱਖ ਕੇ ਇਨ੍ਹਾਂ ਨੂੰ ਪੈਸੇ ਦਿੱਤੇ ਸਨ ਜੋ ਹੁਣ ਵਾਪਸ ਨਹੀਂ ਕਰ ਰਹੇ। ਉਸਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਕਾਰਵਾਈ ਲਈ ਉਹ ਪੰਜਾਬ ਵਿਜੀਲੈਂਸ ਬਿਊਰੋ ਨੂੰ ਵੀ ਲਿਖਤ ਸ਼ਿਕਾਇਤ ਕੀਤੀ ਹੈ ਪਰ ਅਜੇ ਕੋਈ ਕਾਰਵਾਈ ਨਹੀਂ ਹੋਈ। ਮਾਮਲੇ ’ਚ ਮੁਲਜ਼ਮ ਏਐੱਸਆਈ ਸਤਨਾਮ ਸਿੰਘ ਨੂੰ ਪੇਸ਼ ਕਰਵਾਉਣ ਆਏ ਨਰਿੰਦਰ ਸਿੰਘ ਨੇ ਕਿਹਾ ਕਿ ਉਹ ਦਿਲਬਾਗ ਸਿੰਘ ਦੇ ਮਾਮਲੇ ਦੀ ਜਾਂਚ ਕਰਨਗੇ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਹੁਣ ਇਸ ਮਾਮਲੇ ਵਿਚ ਸੀਨੀਅਰ ਅਧਿਕਾਰੀ ਕੀ ਕਾਰਵਾਈ ਕਰਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ। ਐੱਸਐੱਚਓ ਖਾਲੜਾ ਜਸਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ ਇਸ ਕਰਕੇ ਉਹ ਉਨ੍ਹਾਂ ’ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All