ਪੱਤਰ ਪ੍ਰੇਰਕ
ਪਠਾਨਕੋਟ, 5 ਅਗਸਤ
ਨਗਰ ਨਿਗਮ ਵੱਲੋਂ ਕੂੜਾ ਸਮੇਟਣ ਦੀ ਯੋਜਨਾ ਤਹਿਤ ਸਰਨਾ ਸਥਿਤ ਐੱਮਆਰਐੱਫ (ਮਲਟੀ ਰਿਕਵਰੀ ਫੈਸੀਲਿਟੀ) ਵਿੱਚ ਲਗਾਈ ਗਈ ਬੇਲਿਗ ਮਸ਼ੀਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਵਿੱਚ ਲੱਗੀਆਂ 2 ਮੋਟਰਾਂ ਚੋਰੀ ਹੋ ਗਈਆਂ। ਇੰਨਾ ਹੀ ਨਹੀਂ ਕੂੜਾ ਡੰਪ ਕਰਨ ਲਈ ਉੱਥੇ ਖੜ੍ਹੀ ਟਰਾਲੀ ਦਾ ਡਾਲਾ ਵੀ ਚੋਰ ਲਾਹ ਕੇ ਲੈ ਗਏ। ਚੋਰੀ ਦੀ ਸੂਚਨਾ ਮਿਲਣ ’ਤੇ ਨਿਗਮ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਮੋਟਰਾਂ ਚੋਰੀ ਹੋਣ ਦੀ ਸ਼ਿਕਾਇਤ ਐੱਸਐੱਸਪੀ ਨੂੰ ਕਰ ਦਿੱਤੀ ਹੈ।
ਨਿਗਮ ਦੇ ਚੀਫ ਸੈਨੇਟਰੀ ਇੰਸਪੈਕਟਰ ਵਿਕਰਮਜੀਤ ਨੇ ਦੱਸਿਆ ਕਿ ਕੂੜਾ ਸਮੇਟਨ ਲਈ ਸਰਨਾ ਵਿੱਚ ਐੱਮਆਰਐੱਫ ਯੂਨਿਟ ਸਥਾਪਿਤ ਕੀਤਾ ਗਿਆ ਹੈ। ਪਿਛਲੇ ਹਫਤੇ ਇਸ ਯੂਨਿਟ ਨਾਲ ਬੇਲਿਗ ਮਸ਼ੀਨ ਲਗਾਈ ਗਈ ਸੀ। ਅਗਲੇ ਹਫਤੇ ਇਸ ਨੂੰ ਸ਼ੁਰੂ ਕਰਨਾ ਸੀ ਪਰ ਚੋਰ ਉਸ ਤੋਂ ਪਹਿਲਾਂ ਹੀ ਇਸ ਵਿੱਚ ਲੱਗੀਆਂ 2 ਮੋਟਰਾਂ ਦੇ ਇਲਾਵਾ ਨਾਲ ਖੜ੍ਹੀ ਇੱਕ ਟਰਾਲੀ ਦਾ ਡਾਲਾ ਚੋਰੀ ਕਰਕੇ ਲੈ ਗਏ। ਇਸ ਤਰ੍ਹਾਂ ਨਾਲ ਨਗਰ ਨਿਗਮ ਦੀ ਕੂੜਾ ਸਮੇਟਨ ਦੀ ਯੋਜਨਾ ਨੂੰ ਫਿਲਹਾਲ ਗ੍ਰਹਿਣ ਲੱਗ ਗਿਆ ਹੈ।