ਪੱਤਰ ਪ੍ਰੇਰਕ
ਪਠਾਨਕੋਟ, 2 ਜੂਨ
ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਨੰਗਲਭੂਰ ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਆਈਪੀਸੀ ਦੀ ਧਾਰਾ 457, 380 ਤਹਿਤ ਕੇਸ ਦਰਜ ਕੀਤਾ ਹੈ। ਇਹ ਮਾਮਲਾ ਰੇਨੂੰ ਸ਼ਰਮਾ ਪਤਨੀ ਸ਼ਾਮ ਲਾਲ ਵਾਸੀ ਜਿੰਦੜੀ ਥਾਣਾ ਨੰਗਲਭੂਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਰੇਨੂੰ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਘਰ ਆਪਣੀ ਭਤੀਜੀ ਨਾਲ ਰਹਿੰਦੀ ਹੈ। ਉਸ ਦਾ ਪਤੀ ਡੀਐੱਸਸੀ ਮਹਿਕਮਾ ਆਦਮਪੁਰ ਵਿੱਚ ਡਿਊਟੀ ਕਰਦਾ ਹੈ ਤੇ ਉਸ ਦਾ ਲੜਕਾ ਅਭਿਸ਼ੇਕ ਸ਼ਰਮਾ ਇੰਗਲੈਂਡ ਰਹਿੰਦਾ ਹੈ। ਪਿਛਲੇ ਮਹੀਨੇ 31 ਮਈ ਦੀ ਰਾਤ ਨੂੰ ਉਹ ਆਪਣੀ ਭਤੀਜੀ ਨਾਲ ਕਮਰੇ ਵਿੱਚ ਸੌਂ ਗਈ। ਜਦ ਅਗਲੇ ਦਿਨ ਸਵੇਰੇ ਉੱਠ ਕੇ ਦੇਖਿਆ ਤਾਂ ਇੱਕ ਕਮਰਾ ਦੇ ਦਰਵਾਜ਼ੇ ਦੀ ਕੁੰਡੀ ਟੁੱਟੀ ਪਈ ਸੀ, ਜਦ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਸਾਮਾਨ ਖਿਲਰਿਆ ਪਿਆ ਸੀ ਅਤੇ ਪੇਟੀ ਵਿੱਚ ਰੱਖੇ ਸੋਨੇ ਦੇ ਗਹਿਣੇ ਗਾਇਬ ਸਨ। ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਆਦਮਪੁਰ ਦੇ ਦੋ ਘਰਾਂ ਵਿੱਚੋਂ ਨਕਦੀ ਸਣੇ ਹੋਰ ਸਾਮਾਨ ਚੋਰੀ
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਇੱਥੋਂ ਦੇ ਮੁਹੱਲਾ ਜੱਟਾਂ ਦੇ ਦੋ ਘਰਾਂ ਨੂੰ ਨਿਸ਼ਾਨਾ ਬਣਾ ਕੇ ਚੋਰ 13,500 ਰੁਪਏ ਤੇ 3 ਘੜੀਆਂ ਅਤੇ ਹੋਰ ਸਾਮਾਨ ਚੋਰੀ ਕਰ ਲੈ ਗਏ। ਪੀੜਤ ਦਰਵੇਸ਼ ਕੁਮਾਰ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਕੰਮ ’ਤੇ ਚਲਾ ਗਿਆ ਅਤੇ ਉਸ ਦੀ ਪਤਨੀ ਵੀ ਘਰੋਂ ਬਾਹਰ ਗਈ ਹੋਈ ਸੀ। ਜਦੋਂ ਉਸ ਨੇ ਦੁਪਹਿਰੇ ਘਰ ਆ ਕੇ ਦੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਘਰ ਵਿੱਚ ਪਈ 12 ਹਜ਼ਾਰ ਰੁਪਏ ਦੀ ਨਕਦੀ, ਕੱਪੜੇ ਅਤੇ ਸਾਮਾਨ ਗਾਇਬ ਸੀ। ਇਸੇ ਤਰ੍ਹਾਂ ਸਤਨਾਮ ਸਿੰਘ ਸੱਤੀ ਜੋ ਕਾਰਪੇਂਟਰ ਦਾ ਕੰਮ ਕਰਦਾ ਹੈ, ਉਹ ਵੀ ਘਰੋਂ ਬਾਹਰ ਗਏ ਹੋਏ ਸਨ ਕਿ ਚੋਰ ਕੰਧ ਟੱਪ ਕੇ ਉਨ੍ਹਾਂ ਦੇ ਘਰ ਵੜੇ ਅਤੇ 1500 ਰੁਪਏ, 3 ਹੱਥ ਘੜੀਆਂ ਲੈ ਗਏ। ਇਨ੍ਹਾਂ ਦੋਵਾਂ ਚੋਰੀਆਂ ਸਬੰਧੀ ਆਦਮਪੁਰ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।