ਹਰਜੀਤ ਸਿੰਘ ਪਰਮਾਰ
ਬਟਾਲਾ, 25 ਜੂਨ
ਸਥਾਨਕ ਪੁਲੀਸ ਵੱਲੋਂ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਮਿਨੀ ਮੈਰਾਥਨ ਦੌੜ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਐੱਸਐੱਸਪੀ ਬਟਾਲਾ ਰਛਪਾਲ ਸਿੰਘ ਦੀ ਅਗਵਾਈ ਵਿੱਚ ਅੱਜ ਹੋਈ ਮਿਨੀ ਮੈਰਾਥਨ ਦੌੜ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਐੱਸਡੀਐੱਮ ਬਟਾਲਾ ਬਲਵਿੰਦਰ ਸਿੰਘ, ਐੱਸਪੀ ਗੁਰਪ੍ਰੀਤ ਸਿੰਘ ਗਿੱਲ, ਐੱਸਪੀ ਤੇਜਬੀਰ ਸਿੰਘ ਹੁੰਦਲ, ਐੱਸਪੀ ਵਰਿੰਦਰਜੀਤ ਸਿੰਘ, ਡੀਐੱਸਪੀ ਪਰਵਿੰਦਰ ਪਰਵਿੰਦਰ ਕੌਰ ਸਮੇਤ ਹੋਰ ਪੁਲੀਸ ਅਧਿਕਾਰੀਆਂ, ਪੁਲੀਸ ਜਵਾਨਾਂ, ਸਹਾਰਾ ਕਲੱਬ ਦੇ ਵਲੰਟੀਅਰਜ਼ ਅਤੇ ਸ਼ਹਿਰ ਦੇ ਨੌਜਵਾਨਾਂ ਨੇ ਹਿੱਸਾ ਲਿਆ। ਦੌੜ ਐੱਸਐੱਸਪੀ ਦਫ਼ਤਰ ਤੋਂ ਸ਼ੁਰੂ ਹੋ ਕੇ ਸਥਾਨਕ ਪੁਲੀਸ ਲਾਈਨ ਵਿੱਚ ਸਮਾਪਤ ਹੋਈ। ਇਸ ਦੌੜ ਵਿੱਚ ਪਹਿਲੇ ਸਥਾਨ ’ਤੇ ਪੰਜਾਬ ਪੁਲੀਸ ਦੇ ਜਵਾਨ ਰਾਜੇਸ਼ਵਰ ਸਿੰਘ ਰਹੇ, ਜਦਕਿ ਦੂਜੇ ’ਤੇ ਸਹਾਰਾ ਕਲੱਬ ਦੇ ਵਾਲੰਟੀਅਰ ਅਮਿਤ ਸ਼ਰਮਾ, ਤੀਜੇ ਨੰਬਰ ’ਤੇ ਮਨੋਜ ਕਮੁਾਰ ਅਤੇ ਚੌਥੇ ’ਤੇ ਅਨੁਰਾਗ ਮਹਿਤਾ ਰਹੇ। ਇਸ ਤੋਂ ਬਾਅਦ ਬਟਾਲਾ ਪੁਲੀਸ ਵੱਲੋਂ ਪੁਲੀਸ ਲਾਈਨ ਵਿੱਚ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਪੰਜਾਬ ਪੁਲੀਸ ਦੇ ਅਧਿਕਾਰੀਆਂ ਤੇ ਜਵਾਨਾਂ ਨੇ 80 ਯੂਨਿਟ ਦੇ ਕਰੀਬ ਖੂਨ ਦਾਨ ਕੀਤਾ। ਖੂਨਦਾਨ ਕੈਂਪ ਵਿੱਚ ਡਾਕਟਰ ਸੁਖਦੇਵ ਸਿੰਘ ਜੌਹਲ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਖੁਦ ਵੀ ਖੂਨ ਦਾਨ ਕੀਤਾ। ਇਸ ਦੌਰਾਨ ਪੁਲੀਸ ਵਿਭਾਗ ਵੱਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਰਾਇਲ ਇੰਸਟੀਚਿਊਟ ਆਫ ਨਰਸਿੰਗ ਜੈਤੋ ਸਰਜਾ ਦੇ ਵਿਦਿਆਰਥੀਆਂ ਵੱਲੋਂ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਦਿਆਂ ਇੱਕ ਨਾਟਕ ਪੇਸ਼ ਕੀਤਾ ਗਿਆ।