ਅੰਮ੍ਰਿਤਸਰ:
ਕਮਿਸ਼ਨਰ ਪੁਲੀਸ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਹਾਲ ਰੱਖਣ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਵਿੱਚ ਸ਼ਾਮ ਦੇ ਵਕਤ ਰੈੱਡ ਅਲਰਟ ਜਾਰੀ ਕਰਕੇ ਸ਼ਹਿਰ ਦੇ ਬਾਹਰੀ ਇਲਾਕਿਆਂ ’ਚ 19 ਅਤੇ ਅੰਦਰੂਨ ਇਲਾਕਿਆਂ ’ਚ 51 ਪੁਆਇੰਟਾਂ ’ਤੇ 70 ਕੁਲ ਨਾਕੇ ਲਗਾਏ ਗਏ ਹਨ। ਇਨ੍ਹਾਂ ਵਿਸ਼ੇਸ਼ ਨਾਕਿਆਂ ’ਤੇ ਜ਼ੋਨ- 1, 2 ਤੇ 3 ਦੇ ਸੁਪਰਵਾਈਜ਼ਰ ਅਫ਼ਸਰਾਂ ਦੀ ਨਿਗਰਾਨੀ ਹੇਠ ਹਲਕਾ ਏਸੀਪੀ, ਯੂਨਿਟ ਏਸੀਪੀ ਤੇ ਮੁੱਖ ਥਾਣਾ ਅਫ਼ਸਰਾਂ ਸਮੇਤ ਫੋਰਸ ਲਗਾਈ ਗਈ ਹੈ। ਡੀਸੀਪੀ ਲਾਅ-ਐਂਡ-ਆਰਡਰ ਅੰਮ੍ਰਿਤਸਰ ਪਰਮਿੰਦਰ ਸਿੰਘ ਭੰਡਾਲ, ਵੱਲੋਂ ਇਨ੍ਹਾਂ ਨਾਕਿਆਂ ਦੀ ਚੈਕਿੰਗ ਕੀਤੀ ਗਈ ਅਤੇ ਨਾਕੇ ’ਤੇ ਤਾਇਨਾਤ ਜਵਾਨਾਂ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਦੇ ਅੰਦਰ ਅਤੇ ਬਾਹਰ ਆਉਣ-ਜਾਣ ਵਾਲੇ ਵਾਹਨਾਂ ਦੀ ਸਖ਼ਤੀ ਨਾਲ ਜਾਂਚ ਕਰਨ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛ-ਗਿੱਛ ਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੋ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਪੈਸ਼ਲ ਨਾਕਾਬੰਦੀ ਕੀਤੀ ਜਾਵੇਗੀ।
-ਖੇਤਰੀ ਪ੍ਰਤੀਨਿਧ