ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਅਗਸਤ
ਬਹੁਜਨ ਸਮਾਜ ਪਾਰਟੀ ਨੇ ਅੱਜ ਇੱਥੇ ਦਲਿਤ ਭਾਈਚਾਰੇ ਦੇ ਮਾਣ ਸਨਮਾਨ ਲਈ ਆਸ਼ੀਰਵਾਦ ਯਾਤਰਾ ਕੱਢੀ। ਇਹ ਯਾਤਰਾ ਭਗਵਾਨ ਵਾਲਮੀਕ ਤੀਰਥ ਅਸਥਾਨ ਤੋਂ ਅਰੰਭ ਹੋਈ ਅਤੇ ਸ੍ਰੀ ਹਰਿਮੰਦਰ ਸਾਹਿਬ ਪੁੱਜ ਕੇ ਸਮਾਪਤ ਹੋਈ। ਆਸ਼ੀਰਵਾਦ ਯਾਤਰਾ ਦੀ ਅਗਵਾਈ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕੀਤੀ। ਬਸਪਾ ਕਾਰਕੁਨ ਮੋਟਰਸਾਈਕਲ ਅਤੇ ਸਕੂਟਰਾਂ ’ਤੇ ਸਵਾਰ ਸਨ ਤੇ ਉਨ੍ਹਾਂ ਨੇ ਹੱਥਾਂ ਵਿੱਚ ਪਾਰਟੀ ਦੇ ਝੰਡੇ ਚੁੱਕੇ ਹੋਏ ਸਨ। ਬਸਪਾ ਪ੍ਰਧਾਨ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਹੀ ਦਲਿਤ ਵਿਰੋਧੀ ਪਾਰਟੀਆਂ ਹਨ ਅਤੇ ਇਨ੍ਹਾਂ ਨੇ ਦਲਿਤਾਂ ਖਿਲਾਫ਼ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰ ਕੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ। ਅਜਿਹੀਆਂ ਦਲਿਤ ਵਿਰੋਧੀ ਪਾਰਟੀਆਂ ਦਾ ਮੁਕਾਬਲਾ ਕਰਨ ਵਾਸਤੇ ਹੀ ਅੱਜ ਆਸ਼ੀਰਵਾਦ ਯਾਤਰਾ ਕੱਢੀ ਗਈ ਹੈ। ਇਸੇ ਤਹਿਤ 29 ਅਗਸਤ ਨੂੰ ਫਗਵਾੜਾ ਵਿੱਚ ‘ਅਲਖ ਜਗਾਓ’ ਰੈਲੀ ਕੱਢੀ ਜਾਵੇਗੀ।