ਐੱਨਪੀ ਧਵਨ
ਪਠਾਨਕੋਟ, 30 ਜਨਵਰੀ
ਵਿਧਾਨ ਸਭਾ ਹਲਕਾ ਪਠਾਨਕੋਟ ਅੰਦਰ ਮੁੱਖ ਪਾਰਟੀਆਂ ਵੱਲੋਂ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਨਾਲ ਹਲਕੇ ਅੰਦਰ ਤਸਵੀਰ ਕਾਫੀ ਸਪੱਸ਼ਟ ਹੋ ਗਈ ਹੈ ਅਤੇ ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਦਫ਼ਤਰ ਖੋਲ੍ਹ ਦੇਣ ਨਾਲ ਚੋਣ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ। ਇਸ ਵਾਰ ਭਾਜਪਾ ਵੱਲੋਂ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ, ਕਾਂਗਰਸ ਵੱਲੋਂ ਸਿਟਿੰਗ ਵਿਧਾਇਕ ਅਮਿਤ ਵਿੱਜ, ਆਮ ਆਦਮੀ ਪਾਰਟੀ ਵੱਲੋਂ ਵਿਭੂਤੀ ਸ਼ਰਮਾ ਅਤੇ ਬਸਪਾ ਵੱਲੋਂ ਅਕਾਲੀ ਦਲ ਦੀ ਹਮਾਇਤ ਨਾਲ ਜੋਤੀ ਪਾਲ ਭੀਮ ਨੂੰ ਉਮੀਦਵਾਰ ਬਣਾਇਆ ਗਿਆ ਹੈ। ਆਮ ਤੌਰ ’ਤੇ ਇਸ ਹਲਕੇ ਦੀ ਐਸੀ ਰਵਾਇਤ ਰਹੀ ਹੈ ਕਿ ਇੱਕ ਵਾਰ ਭਾਜਪਾ ਦਾ ਅਤੇ ਦੂਸਰੀ ਵਾਰ ਕਾਂਗਰਸ ਦਾ ਵਿਧਾਇਕ ਬਣਦੇ ਰਹੇ ਹਨ। ਕਦੇ ਵੀ ਇਸ ਹਲਕੇ ਦੇ ਵੋਟਰਾਂ ਨੇ ਇੱਕ ਉਮੀਦਵਾਰ ਨੂੰ ਲਗਾਤਾਰ ਦੂਸਰੀ ਵਾਰ ਸੇਵਾ ਕਰਨ ਦਾ ਮੌਕਾ ਨਹੀਂ ਦਿੱਤਾ, ਉਥੇ ਹੀ ਇਸ ਵਾਰ ਹਲਕੇ ਅੰਦਰ ਆਮ ਆਦਮੀ ਪਾਰਟੀ ਦਾ ਵੀ ਪ੍ਰਭਾਵ ਨਜ਼ਰ ਆ ਰਿਹਾ ਹੈ। ਇਸ ਕਰਕੇ ਇਸ ਵਾਰ ਸਮੀਕਰਨ ਬਦਲਦੇ ਸਾਹਮਣੇ ਆ ਰਹੇ ਹਨ।
ਖਾਸ ਗੱਲ ਇਹ ਹੈ ਕਿ ਇਸ ਵਾਰ ਦੋਵੇਂ ਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਰੁੱਸੇ ਆਗੂਆਂ ਤੇ ਵਰਕਰਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਦੇ ਅਸੰਤੁਸ਼ਟਾਂ ਆਗੂਆਂ ਵਿੱਚ ਸਾਬਕਾ ਮੰਤਰੀ ਰਮਨ ਭੱਲਾ, ਕੌਂਸਲਰ ਨਿਤਿਨ ਲਾਡੀ, ਜੰਗ ਬਹਾਦਰ ਬੇਦੀ, ਕਾਰਤਿਕ ਵਡੈਹਰਾ, ਰੋਹਿਤ ਕੋਹਲੀ ਅਤੇ ਕੌਂਸਲਰ ਗੌਰਵ ਵਡੈਹਰਾ ਸ਼ਾਮਲ ਹਨ। ਇਹ ਸਾਰੇ ਆਗੂ ਉਮੀਦਵਾਰ ਅਮਿਤ ਵਿੱਜ ਵੱਲੋਂ ਪਾਰਟੀ ਦਫ਼ਤਰ ਖੋਲ੍ਹਣ ਵੇਲੇ ਕੀਤੇ ਗਏ ਸ਼ਕਤੀ ਪ੍ਰਦਰਸ਼ਨ ਵਿੱਚ ਵੀ ਸ਼ਾਮਲ ਨਹੀਂ ਹੋਏ। ਇਸੇ ਤਰ੍ਹਾਂ ਭਾਜਪਾ ਦੇ ਅਸੰਤੁਸ਼ਟਾਂ ਵਿੱਚ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਪ੍ਰਦੇਸ਼ ਉਪ ਪ੍ਰਧਾਨ ਨਰਿੰਦਰ ਪਰਮਾਰ, ਗੋਵਰਧਨ ਗੋਪਾਲ ਆਦਿ ਆਗੂ ਵੀ ਅਸ਼ਵਨੀ ਸ਼ਰਮਾ ਵੱਲੋਂ ਦਫਤਰ ਖੋਲ੍ਹਣ ਵੇਲੇ ਸਮਾਗਮ ਵਿੱਚ ਨਹੀਂ ਪਹੁੰਚੇ ਸਨ, ਜਦਕਿ ਅਨਿਲ ਰਾਮਪਾਲ ਅਤੇ ਨਰਿੰਦਰ ਕਾਲਾ ਸਮਾਗਮ ਵਿੱਚ ਤਾਂ ਰਸਮੀ ਤੌਰ ’ਤੇ ਸ਼ਾਮਲ ਹੋ ਗਏ ਪਰ ਉਨ੍ਹਾਂ ਨੂੰ ਪਾਰਟੀ ਉਮੀਦਵਾਰ ਕਿਵੇਂ ਸੰਤੁਸ਼ਟ ਕਰਦਾ ਹੈ, ਇਹ ਸਮਾਂ ਹੀ ਦੱਸੇਗਾ।