ਰਾਜਨ ਮਾਨ
ਮਜੀਠਾ, 19 ਅਪਰੈਲ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਹਾਰੀ ਹੋਈ ਲੜਾਈ ਲੜ ਰਹੇ ਹਨ। ਇਨ੍ਹਾਂ ਦੀ ਲੜਾਈ ਤੀਸਰੇ ਨੰਬਰ ਨੂੰ ਲੈ ਕੇ ਹੈ। ਹਲਕਾ ਮਜੀਠਾ ਵਿੱਚ ਹਲਕਾ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਧਾਲੀਵਾਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੀ ਇਸ ਦੁਸ਼ਮਣ ਜਮਾਤ ਨੂੰ ਮੂੰਹ ਨਾ ਲਾਉਣ ਕਿਉਂਕਿ ਭਾਜਪਾ ਅਤੇ ਅਕਾਲੀ ਦਲ ਇੱਕੋ ਥਾਲੀ ਦੇ ਚੱਟੇ ਵੱਟੇ ਹਨ।
ਪਿੰਡ ਜੱਜੇਆਣੀਂ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਉਹ ਭਾਜਪਾ ਵਾਂਗ ਲੋਕਾਂ ਨੂੰ ਖਰੀਦਦੇ ਨਹੀਂ ਸਗੋਂ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅੰਦਰਖਾਤੇ ਅਕਾਲੀ ਦਲ, ਭਾਜਪਾ ਦੀ ਹੀ ਬੀ ਟੀਮ ਹੈ ਜੋ ਸਿਰਫ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਖ਼ੁਦ ਨੂੰ ਭਾਜਪਾ ਤੋਂ ਅਲੱਗ ਦੱਸ ਰਹੇ ਹਨ। ਉਨ੍ਹਾਂ ਕਿਹਾ ਭਾਜਪਾ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਕਾਰਨ ਲੋਕ ਉਨ੍ਹਾਂ ਨੂੰ ਪਿੰਡਾਂ ਵਿੱਚ ਨਹੀਂ ਦਾਖਲ ਹੋਣ ਦੇ ਰਹੇ।
ਭਾਜਪਾ ਉਮੀਦਵਾਰ ਜਿੱਥੇ ਵੀ ਚੋਣ ਮੀਟਿੰਗ ਕਰਨ ਜਾਂਦੇ ਹਨ, ਉੱਥੇ ਲੋਕਾਂ ਤੋਂ ਵੱਧ ਇਨ੍ਹਾਂ ਨਾਲ ਪੁਲੀਸ ਕਰਮਚਾਰੀ ਹੁੰਦੇ ਹਨ। ਉਨ੍ਹਾਂ ਕਿਹਾ ਲੋਕ ਆਪਣਿਆਂ ਨੂੰ ਗਲ ਨਾਲ ਲਾਉਂਦੇ ਹਨ ਫਸਲੀ ਬਟੇਰਿਆਂ ਨੂੰ ਨਹੀਂ। ਉਨ੍ਹਾਂ ਪਿੰਡ ਮਰੋੜੀ, ਕਾਦਰਾਬਾਦ, ਤੇਲ, ਚੋਗਾਵਾਂ, ਕੋਟ ਹਿਰਦੇ ਰਾਮ, ਨੰਗਲ ਪੰਨੂਆਂ ਅਤੇ ਮਜੀਠਾ ਵਿੱਚ ਰੈਲੀਆਂ ਕੀਤੀਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਅਤੇ ਹੋਰ ਆਗੂ ਹਾਜ਼ਰ ਸਨ।