ਬਲਵਿੰਦਰ ਸਿੰਘ ਭੰਗੂ
ਭੋਗਪੁਰ, 19 ਅਗਸਤ
ਨਗਰ ਕੌਂਸਲ ਭੋਗਪੁਰ ਦੇ ਅਧਿਕਾਰੀਆਂ ਨੇ ਸਰਕਾਰੀ ਪਾਣੀ ਚੋਰੀ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸੇ ਦੌਰਾਨ ਲੁਹਾਰਾਂ-ਚਾਹੜਕੇ ਸੜਕ ’ਤੇ ਇਕ ਅਣ-ਅਧਿਕਾਰਤ ਕਲੋਨੀ ਵਿੱਚ ਪਿੰਡ ਡੱਲਾ ਦੀ ਸਰਪੰਚ ਹਰਦੀਪ ਕੌਰ ਤੇ ਉਸ ਦੇ ਜੀਓਜੀ ਪਤੀ ਚਰਨਜੀਤ ਸਿੰਘ ਨੇ ਖੁ਼ਦ ਪਾਰਕਿੰਗ ਤੇ ਸੜਕ ’ਤੇ ਨਾਜਾਇਜ਼ ਥੜ੍ਹੇ ਬਣਾ ਕੇ ਸਰਕਾਰੀ ਰਸਤੇ ਰੋਕੇ ਹੋਏ ਹਨ। ਇਸ ਦੇ ਨਾਲ ਹੀ ਚੋਰੀ ਪਾਈਪਾਂ ਪਾ ਕੇ ਕੌਂਸਲ ਦਾ ਸਰਕਾਰੀ ਪਾਣੀ ਚੋਰੀ ਕਰਨ ਵਿਰੁੱਧ ਸਥਾਨਕ ਸਰਕਾਰਾਂ ਪੰਜਾਬ ਦੇ ਡਾਇਰੈਕਟਰ ਦੇ ਨਿਰਦੇਸ਼ਾਂ ’ਤੇ ਜਦੋਂ ਨਗਰ ਕੌਂਸਲ ਭੋਗਪੁਰ ਦੇ ਅਧਿਕਾਰੀ ਪੁਲੀਸ ਫੋਰਸ ਨਾਲ ਪਾਣੀ ਦੀ ਸਪਲਾਈ ਬੰਦ ਕਰਨ ਪਹੁੰਚੇ ਤਾਂ ਜੀਓਜੀ ਚਰਨਜੀਤ ਸਿੰਘ ਨੇ ਪਾਣੀ ਬੰਦ ਕਰਨ ਤੋਂ ਰੋਕ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸੜਕ ਦੇ ਦੂਜੇ ਪਾਸੇ ਅਣਗਿਣਤ ਘਰਾਂ ਦੇ ਵੀ ਪਾਣੀ ਦੇ ਨਾਜਾਇਜ਼ ਕੁਨੈਕਸ਼ਨ ਪਹਿਲਾਂ ਕੱਟੇ ਜਾਣ। ਦੂਜੇ ਪਾਸੇ ਉਕਤ ਘਰਾਂ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਸਰਕਾਰੀ ਕਾਗਜ਼ਾਤ ਪਿੰਡ ਡੱਲਾ ਨਾਲ ਸਬੰਧਤ ਹਨ ਜਦਕਿ ਉਨ੍ਹਾਂ ਦੇ ਵੋਟਰ ਕਾਰਡ, ਆਧਾਰ ਕਾਰਡ, ਪਾਸਪੋਰਟ, ਪੈਨ ਕਾਰਡ ਅਤੇ ਹਰ ਤਰ੍ਹਾਂ ਦੇ ਸਰਕਾਰੀ ਕਾਗਜ਼ਾਤ ਭੋਗਪੁਰ ਸ਼ਹਿਰ ਨਾਲ ਸਬੰਧਤ ਹਨ ਤੇ ਕਈ ਸਾਲਾਂ ਤੋਂ ਇਹ ਸਰਕਾਰੀ ਪਾਣੀ ਵਰਤ ਰਹੇ ਹਨ। ਇਸ ਲਈ ਨਗਰ ਕੌਂਸਲ ਕੁਨੈਕਸ਼ਨ ਜਾਇਜ਼ ਕਰਨ ਦੀ ਜਿੰਨੀ ਰਕਮ ਮੰਗੇਗੀ ਉਹ ਦੇਣ ਨੂੰ ਤਿਆਰ ਹਨ। ਕੌਂਸਲਰ ਸੰਤੋਸ਼ ਕੌਰ ਨੇ ਇਨ੍ਹਾਂ ਪਾਣੀ ਦੇ ਕੁਨੈਕਸ਼ਨ ਵਰਤਣ ਵਾਲਿਆਂ ਨੂੰ ਵਿਸ਼ਵਾਸ ਦੁਆਇਆ ਕਿ ਜਿਨ੍ਹਾਂ ਦੇ ਸਾਰੇ ਸਰਕਾਰੀ ਕਾਗਜ਼ਾਤ ਭੋਗਪੁਰ ਨਾਲ ਸਬੰਧਤ ਹਨ, ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਲੋਕਾਂ ਦੇ ਪਾਣੀ ਵਾਲੇ ਕੁਨੈਕਸ਼ਨ ਜਾਇਜ਼ ਕਰਾਉਣ ਦਾ ਉਪਰਾਲਾ ਕਰਨਗੇ। ਈਓ ਰਾਮ ਜੀਤ ਦਾ ਕਹਿਣਾ ਹੈ ਕਿ ਇਹ ਘਰ ਨਗਰ ਕੌਂਸਲ ਭੋਗਪੁਰ ਦੀ ਹੱਦ ਤੋਂ ਬਾਹਰ ਪਿੰਡ ਲੜੋਈ ਦੀ ਜ਼ਮੀਨ ਵਿੱਚ ਹਨ। ਇਸ ਲਈ ਜੇਕਰ ਕਮੇਟੀ ਸਿਫਾਰਸ਼ ਕਰ ਦਿੰਦੀ ਹੈ ਤਾਂ ਲੋੜੀਂਦੀ ਰਕਮ ਪ੍ਰਾਪਤ ਕਰਕੇ ਜਿਨ੍ਹਾਂ ਲੋਕਾਂ ਕੋਲ ਭੋਗਪੁਰ ਨਾਲ ਸਬੰਧਤ ਕਾਗਜ਼ਾਤ ਹਨ ਉਨ੍ਹਾਂ ਦੇ ਪਾਣੀ ਵਾਲੇ ਕੁਨੈਕਸ਼ਨ ਜਾਇਜ਼ ਕੀਤੇ ਜਾ ਸਕਦੇ ਹਨ ਕਿਉਂਕਿ ਇਹ ਘਰ ਪਿੰਡ ਲੜੋਈ ਤੋਂ ਦੋ ਕਿਲੋਮੀਟਰ ਦੂਰ ਹਨ। ਉਨ੍ਹਾਂ ਕਿਹਾ ਕਿ ਕਮੇਟੀ ਨਾਲ ਮੀਟਿੰਗ ਕਰਕੇ ਮਸਲਾ ਹੱਲ ਕਰ ਲਿਆ ਜਾਵੇਗਾ।