ਐਨਪੀ.ਧਵਨ
ਪਠਾਨਕੋਟ, 29 ਅਪਰੈਲ
ਪਠਾਨਕੋਟ ਨਗਰ ਨਿਗਮ ਨੂੰ 2 ਮਹੀਨੇ ਦੇ ਇੰਤਜ਼ਾਰ ਬਾਅਦ ਨਵਾਂ ਮੇਅਰ ਮਿਲ ਗਿਆ। ਨਵੇਂ ਮੇਅਰ ਦੇ ਨਾਲ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਵੀ ਕਾਂਗਰਸ ਪਾਰਟੀ ਦੇ ਬਣ ਗਏ। ਇਸ ਤਰ੍ਹਾਂ ਨਾਲ ਪਠਾਨਕੋਟ ਨਗਰ ਨਿਗਮ ਉਪਰ ਕਾਂਗਰਸ ਪਾਰਟੀ ਦਾ ਪੂਰਨ ਰੂਪ ਵਿੱਚ ਕਬਜ਼ਾ ਹੋ ਗਿਆ ਹੈ। ਅੱਜ ਚੋਣ ਮੌਕੇ ਐਵਲਿਨ ਸਕੂਲ ਦੇ ਆਡੀਟੋਰੀਅਮ ਵਿੱਚ ਪ੍ਰਸ਼ਾਸਨਿਕ ਅਧਿਕਾਰੀ, ਸਾਰੇ ਕਾਰਪੋਰੇਟਰ, ਵਿਧਾਇਕ ਅਮਿਤ ਵਿੱਜ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪੁੱਜੇ। ਸਭ ਤੋਂ ਪਹਿਲਾਂ ਪੰਨਾ ਲਾਲ ਭਾਟੀਆ ਦਾ ਨਾਂ ਮੇਅਰ ਲਈ ਲਿਆ ਗਿਆ ਤਾਂ ਕਾਂਗਰਸ ਪਾਰਟੀ ਨਾਲ ਸਬੰਧਤ ਸਭਨਾਂ ਕਾਰਪੋਰੇਟਰਾਂ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਪ੍ਰਗਟ ਕੀਤੀ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਅਤੇ ਡਿਪਟੀ ਮੇਅਰ ਅਜੇ ਕੁਮਾਰ ਨੂੰ ਚੁਣ ਲਿਆ ਗਿਆ। ਜਦ ਕਿ ਭਾਜਪਾ ਨਾਲ ਸਬੰਧਤ 12 ਵਿਧਾਇਕ ਸਹੁੰ ਚੁੱਕਣ ਉਪਰੰਤ ਚੋਣ ਤੋਂ ਪਹਿਲਾਂ ਹੀ ਮੀਟਿੰਗ ਦਾ ਬਾਈਕਾਟ ਕਰਕੇ ਚਲੇ ਗਏ। ਇਸ ਦੇ ਇਲਾਵਾ ਨਗਰ ਨਿਗਮ ਦੀ ਐਫ ਐਂਡ ਸੀਸੀ ਕਮੇਟੀ ਵਿੱਚ ਕਾਰਪੋਰੇਟਰ ਰਾਕੇਸ਼ ਬਬਲੀ ਅਤੇ ਮਿਨਾਕਸ਼ੀ ਨੂੰ ਮੈਂਬਰ ਨਿਯੁਕਤ ਕੀਤਾ ਗਿਆ।ਪੰਨਾ ਲਾਲ ਭਾਟੀਆ ਸਭ ਤੋਂ ਸੀਨੀਅਰ ਸਨ ਤੇ ਉਹ ਛੇਵੀਂ ਵਾਰ ਕੌਂਸਲਰ ਚੁਣੇ ਗਏ ਹਨ। ਉਨ੍ਹਾਂ ਦੇ ਮੇਅਰ ਚੁਣੇ ਜਾਣ ਤੇ ਸਭਨਾਂ ਨੇ ਉਨ੍ਹਾਂ ਨੂੰ ਹਾਰ ਪਾ ਕੇ ਮੁਬਾਰਕਵਾਦ ਦਿੱਤੀ। ਜ਼ਿਕਰਯੋਗ ਹੈ ਕਿ 50 ਵਾਰਡਾਂ ਦੀ ਨਗਰ ਨਿਗਮ ਵਿੱਚ 36 ਕੌਂਸਲਰ ਕਾਂਗਰਸ ਦੇ, 12 ਭਾਜਪਾ ਦੇ, 1 ਸ਼੍ਰੋਮਣੀ ਅਕਾਲੀ ਦਲ ਤੇ 1 ਆਜ਼ਾਦ ਕੌਂਸਲਰ ਹੈ।
ਨਗਰ ਕੌਂਸਲ ਸੁਜਾਨਪੁਰ ਦੀ ਚੋਣ ਗੁੱਟਬੰਦੀ ਦੀ ਭੇਟ ਚੜ੍ਹੀ
ਪਠਾਨਕੋਟ (ਪੱਤਰ ਪ੍ਰੇਰਕ): ਕਾਂਗਰਸ ਪਾਰਟੀ ਅੰਦਰ ਚੱਲ ਰਹੀ ਗੁੱਟਬੰਦੀ ਕਾਰਨ ਨਗਰ ਕੌਂਸਲ ਸੁਜਾਨਪੁਰ ਦੇ ਪ੍ਰਧਾਨ ਦੇ ਅਹੁਦੇ ਉਪਰ ਸਹਿਮਤੀ ਨਾ ਬਣ ਸਕਣ ਤੇ ਅੱਜ ਰੱਖੀ ਗਈ ਪ੍ਰਧਾਨਗੀ ਦੀ ਚੋਣ ਅਤੇ ਸਹੁੰ ਚੁੱਕ ਸਮਾਗਮ ਸਿਰੇ ਨਾ ਚੜ੍ਹ ਸਕਿਆ। ਭਾਰਤੀ ਜਨਤਾ ਪਾਰਟੀ ਦੇ 6 ਕੌਂਸਲਰ, ਕਾਂਗਰਸ ਦੇ ਤਿੰਨ ਅਤੇ ਭਾਜਪਾ ਨਾਲ ਸਬੰਧਤ ਵਿਧਾਇਕ ਨਗਰ ਕੌਂਸਲ ਦੇ ਦਫਤਰ ਵਿੱਚ ਇੰਤਜ਼ਾਰ ਕਰਦੇ ਰਹੇ ਪਰ ਕਾਂਗਰਸ ਦੇ 6 ਕੌਂਸਲਰ ਸਦਨ ਵਿੱਚ ਨਾ ਪੁੱਜੇ। ਇਸ ਮੌਕੇ ਨਗਰ ਕੌਂਸਲ ਦਫ਼ਤਰ ਮੂਹਰੇ ਕਾਗਜ਼ ਚਿਪਕਾ ਦਿੱਤਾ ਗਿਆ ਕਿ ਕੋਰਮ ਪੂਰਾ ਨਾ ਹੋ ਸਕਣ ਕਾਰਨ ਇਹ ਚੋਣ ਮੁਲਤਵੀ ਕੀਤੀ ਜਾਂਦੀ ਹੈ। ਸੂਤਰਾਂ ਅਨੁਸਾਰ ਕਾਂਗਰਸ ਦੇ 6 ਕੌਂਸਲਰ ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨਾਲ ਇੱਕ ਹੋਟਲ ਵਿੱਚ ਬੈਠੇ ਰਹੇ ਪਰ ਉਥੇ ਕਿਸੇ ਇੱਕ ਨਾਂ ਉਪਰ ਸਹਿਮਤੀ ਨਾ ਬਣ ਸਕੀ। ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਇਸ ਚੋਣ ਵਿੱਚ ਅਬਜ਼ਰਵਰ ਵਜੋਂ ਭੇਜਿਆ ਗਿਆ ਸੀ ਤੇ ਉਹ ਵੀ ਸਹਿਮਤੀ ਨਾ ਕਰਾ ਸਕੇ। ਭਾਜਪਾ ਨਾਲ ਸਬੰਧਤ ਵਿਧਾਇਕ ਦਿਨੇਸ਼ ਸਿੰਘ ਬੱਬੂ ਦਾ ਕਹਿਣਾ ਸੀ ਕਿ ਗੁੱਟਬੰਦੀ ਦਾ ਸ਼ਿਕਾਰ ਕਾਂਗਰਸ ਪਾਰਟੀ ਚੋਣ ਤੋਂ ਭੱਜ ਰਹੀ ਹੈ। ਈਓ ਵਿਜੇ ਸਾਗਰ ਮਹਿਤਾ ਨੇਦੱਸਿਆ ਕਿ 2 ਵਜੇ ਮੀਟਿੰਗ ਦਾ ਸਮਾਂ ਸੀ। ਉਸ ਸਮੇਂ ਭਾਜਪਾ ਦੇ 5 ਕੌਂਸਲਰ ਹੀ ਬੈਠੇ ਸਨ। ਵਿਧਾਇਕ ਦਾ ਵੋਟ ਕੋਰਮ ਵਿੱਚ ਨਹੀਂ ਆਉਂਦਾ। ਚੋਣ ਲਈ 8 ਕੌਂਸਲਰਾਂ ਦਾ ਹੋਣਾ ਜ਼ਰੂਰੀ ਸੀ। ਕਾਂਗਰਸ ਦੇ ਜੋ ਕੌਂਸਲਰ ਆਏ ਸਨ, ਉਹ 3 ਵਜੇ ਤੋਂ ਬਾਅਦ ਆਏ ਸਨ ਤਦ ਤੱਕ ਚੋਣ ਮੁਲਤਵੀ ਹੋ ਚੁੱਕੀ ਸੀ।