ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 31 ਮਈ
ਬਲਾਕ ਕਾਹਨੂੰਵਾਨ ਅਧੀਨ ਪੈਂਦਾ ਪਿੰਡ ਭੈਣੀ ਬਾਂਗਰ ਸਰਕਾਰਾਂ ਦੀ ਅਣਦੇਖੀ ਕਾਰਨ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ। ਬੀਤੇ ਸਮੇਂ ਪੰਜਾਬ ਵਿੱਚ ਕਈ ਸਰਕਾਰਾਂ ਆਈਆਂ ਅਤੇ ਕਈ ਗਈਆਂ ਪਰ ਪਿੰਡ ਭੈਣੀ ਬਾਂਗਰ ਬੁਨਿਆਦੀ ਸਹੂਲਤਾਂ ਤੋਂ ਅਜੇ ਤੱਕ ਸੱਖਣਾ ਹੈ। ਪਿੰਡ ਵਾਸੀ ਦੇਸ਼ ਆਜ਼ਾਦ ਹੋਣ ਦੇ 70 ਸਾਲ ਬਾਅਦ ਵੀ ਗੰਦੇ ਪਾਣੀ ਦੇ ਨਿਕਾਸ ਅਤੇ ਪੀਣ ਵਾਲੇ ਸਾਫ਼ ਪਾਣੀ ਨੂੰ ਤਰਸ ਗਏ ਹਨ।
ਇਸ ਸਬੰਧੀ ਕਸ਼ਮੀਰ ਸਿੰਘ ਸੰਧੂ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿੰਡ ਦੇ ਵਿਕਾਸ ਅਤੇ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਹਰ ਯਤਨ ਕੀਤੇ ਪਰ ਕਿਸੇ ਵੀ ਸਰਕਾਰ ਦੀ ਮਿਹਰ ਭਰੀ ਨਜ਼ਰ ਉਨ੍ਹਾਂ ਦੇ ਪਿੰਡ ਉੱਤੇ ਨਹੀਂ ਪਈ। ਪਿੰਡ ਵਾਸੀ ਦਿਲਰਾਜ ਸਿੰਘ, ਕਸ਼ਮੀਰ ਸਿੰਘ, ਸੁਭਾਸ਼ ਸਿੰਘ, ਜਸਪਾਲ ਸਿੰਘ, ਕੁਲਦੀਪ ਸਿੰਘ ਫ਼ੌਜੀ, ਬਿਕਰਮਜੀਤ ਸਿੰਘ, ਜਨਕ ਰਾਜ ਅਤੇ ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚੋਂ ਆਜ਼ਾਦੀ ਲਹਿਰ ਮੌਕੇ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਬਹੁਤ ਸਾਰੇ ਸਪੂਤਾਂ ਨੇ ਸ਼ਹੀਦੀਆਂ ਦਿੱਤੀਆਂ ਹਨ ਪਰ ਆਜ਼ਾਦੀ ਦੇ 7 ਦਹਾਕੇ ਬੀਤੇ ਜਾਣ ਬਾਅਦ ਵੀ ਉਨ੍ਹਾਂ ਦੇ ਪਿੰਡ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਪਿੰਡ ਵਾਸੀਆਂ ਨੂੰ ਸਾਫ਼ ਪਾਣੀ ਦੀ ਸਪਲਾਈ ਲਈ ਬਣੀ ਹੋਈ ਵਾਟਰ ਸਪਲਾਈ ਦੀ ਟੈਂਕੀ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਹੋਈ ਹੈ। ਇਸ ਤੋਂ ਇਲਾਵਾ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਬਣਿਆ ਹੋਇਆ ਸੀਵਰੇਜ ਸਿਸਟਮ ਵੀ ਨਾਕਸ ਪ੍ਰਬੰਧਾਂ ਕਾਰਨ ਖ਼ਰਾਬ ਹੋ ਚੁੱਕਾ ਹੈ। ਪਿੰਡ ਵਿੱਚ ਬਣੇ ਪੰਚਾਇਤ ਘਰ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਪਿੰਡ ਦੇ ਹੀ ਕੁਝ ਰਸੂਖਵਾਨ ਲੋਕਾਂ ਵੱਲੋਂ ਪਿੰਡ ਦੇ ਛੱਪੜ, ਪੰਚਾਇਤੀ ਜ਼ਮੀਨਾਂ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਵੀ ਗੰਦੇ ਪਾਣੀ ਦੀ ਸਮੱਸਿਆ ਬਦ ਤੋਂ ਬਦਤਰ ਹੋਈ ਪਈ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੀ ਹਾਲਤ ਸੁਧਾਰਨ ਲਈ ਉਨ੍ਹਾਂ ਵੱਲੋਂ ਪੰਚਾਇਤ, ਪੇਂਡੂ ਵਿਕਾਸ ਅਤੇ ਪੰਚਾਇਤ ਅਫ਼ਸਰ, ਮੌਕੇ ਦੇ ਵਿਧਾਇਕਾਂ ਅਤੇ ਡੀਸੀ ਗੁਰਦਾਸਪੁਰ ਨੂੰ ਕਈ ਲਿਖਤੀ ਬੇਨਤੀਆਂ ਕੀਤੀਆਂ ਗਈਆਂ ਪਰ ਅਜੇ ਤੱਕ ਸਰਕਾਰ ਜਾਂ ਪ੍ਰਸ਼ਾਸਨ ਦੀ ਸਵੱਲੀ ਨਜ਼ਰ ਉਨ੍ਹਾਂ ਦੇ ਪਿੰਡ ਵੱਲ ਨਹੀਂ ਪੈ ਰਹੀ। ਸਮੂਹ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਵਾਟਰ ਸਪਲਾਈ ਅਤੇ ਸੀਵਰੇਜ ਸਿਸਟਮ ਨੂੰ ਦਰੁਸਤ ਕੀਤਾ ਜਾਵੇ। ਪਿੰਡ ਦੇ ਛੱਪੜ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਇਸ ਨੂੰ ਥਾਪਰ ਮਾਡਲ ਤਹਿਤ ਸਾਫ਼ ਸੁਥਰਾ ਬਣਾਇਆ ਜਾਵੇ, ਪਿੰਡ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਪਾਰਕ ਅਤੇ ਲਾਇਬਰੇਰੀ ਬਣਾਈ ਜਾਵੇ ਅਤੇ ਹੋਰ ਸਮੱਸਿਆਵਾਂ ਨੂੰ ਦਰੁਸਤ ਕਰਨ ਲਈ ਪਹਿਲ ਦੇ ਅਧਾਰ ’ਤੇ ਕੰਮ ਕੀਤਾ ਜਾਵੇ।