ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 15 ਅਕਤੂਬਰ
ਇਤਿਹਾਸਕ ਨਗਰ ਗੋਇੰਦਵਾਲ ਸਾਹਿਬ ਵਿੱਚ ਜੂਏ ਅਤੇ ਸੱਟੇ ਦੇ ਵੱਡੇ ਪੱਧਰ ’ਤੇ ਚੱਲ ਰਹੇ ਚਾਰ ਅੱਡਿਆਂ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ਚਾਰ ਅੱਡਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਮੁਲਾਜ਼ਮ ਸੰਨੀ ਨੇ ਦੱਸਿਆ ਕਿ ਇਹ ਸੱਟੇ ਦੇ ਅੱਡੇ ਧੂੰਦਾ ਨਿਵਾਸੀ ਮਾਣਾ ਸਿੰਘ ਅਤੇ ਉਸ ਦੇ ਭਾਗੀਦਾਰ ਜੋ ਜਲੰਧਰ ਨਾਲ ਸਬੰਧਤ ਹਨ, ਚਲਾ ਰਹੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਗੈਰਕਾਨੂੰਨੀ ਅੱਡਿਆਂ ਤੋਂ ਸਥਾਨਕ ਪੁਲੀਸ ਪ੍ਰਸ਼ਾਸਨ ਜਿਥੇ ਚੰਗੀ ਤਰ੍ਹਾਂ ਜਾਣੂ ਹੋਣ ਦੇ ਬਾਵਜੂਦ ਅਣਜਾਣ ਬਣ ਕੇ ਪੱਲਾ ਝਾੜ ਰਿਹਾ ਹੈ ਉੱਥੇ ਹੀ ਇਸ ਗੋਰਖ ਧੰਦੇ ਨਾਲ ਜੁੜਿਆ ਮਾਫੀਆ ਹਰ ਮਹੀਨੇ ਕਥਿਤ ਤੌਰ ’ਤੇ ਲੱਖਾ ਰੁਪਏ ਕਮਾ ਰਿਹਾ ਹੈ। ਇਤਿਹਾਸਕ ਨਗਰ ਵਿੱਚ ਚੱਲ ਰਹੇ ਇਸ ਧੰਦੇ ਤੋਂ ਇਲਾਕੇ ਦੇ ਲੋਕਾਂ ਵਿੱਚ ਵੀ ਭਾਰੀ ਗੁੱਸਾ ਦਿਖਾਈ ਦੇ ਰਿਹਾ ਹੈ। ਇਲਾਕਾ ਨਿਵਾਸੀ ਹਰਪ੍ਰੀਤ ਸਿੰਘ, ਅਜੀਤ ਸਿੰਘ, ਇਕਬਾਲ ਸਿੰਘ ਤੇ ਗੁਰਮੀਤ ਸਿੰਘ ਆਦਿ ਨੇ ਆਖਿਆ ਕਿ ਇਤਿਹਾਸਕ ਨਗਰ ਵਿਚ ਇਹ ਜੂਏ ਲਾਟਰੀ ਦੇ ਅਣਅਧਿਕਾਰਿਤ ਧੰਦੇ ਨਗਰ ਦੀ ਇਤਿਹਾਸਕ ਮਹੱਹਤਾ ਨੂੰ ਗ੍ਰਹਿਣ ਲਗਾ ਰਹੇ ਹਨ ਜਿਨ੍ਹਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਕੁਝ ਪੀੜਤ ਔਰਤਾਂ ਨੇ ਵੀ ਜ਼ਿਲ੍ਹੇ ਦੇ ਨਵੇਂ ਐੱਸਐੱਸਪੀ ਨੂੰ ਇਨ੍ਹਾਂ ਅੱਡਿਆਂ ਨੂੰ ਤੁਰੰਤ ਬੰਦ ਕਰਨ ਦੀ ਬੇਨਤੀ ਕੀਤੀ ਹੈ। ਜਾਣਕਾਰੀ ਅਨੁਸਾਰ ਮਾਣਾ ਸਿੰਘ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਆਪਣੇ ਆਪ ਨੂੰ ਹਲਕਾ ਵਿਧਾਇਕ ਦਾ ਕਰੀਬੀ ਹੋਣ ਦੀਆਂ ਪੋਸਟਾਂ ਸਾਂਝੀਆਂ ਕਰਦਾ ਰਹਿੰਦਾ ਹੈ।
ਜੂਏ ਦਾ ਧੰਦਾ ਬਰਦਾਸ਼ਨ ਨਹੀਂ ਕੀਤਾ ਜਾਵੇਗਾ: ਡੀਐੱਸਪੀ
ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਉਹ ਜੂਏ ਦੇ ਅੱਡਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਇਨ੍ਹਾਂ ਅੱਡਿਆਂ ਨੂੰ ਚਲਾਉਣ ਵਾਲੇ ਸੰਚਾਲਕਾਂ ਖਿਲਾਫ ਸਖਤ ਕਾਰਵਾਈ ਹੋਵੇਗੀ।