ਗੁਰਬਖ਼ਸ਼ਪੁਰੀ
ਤਰਨ ਤਾਰਨ, 9 ਅਗਸਤ
ਬੀਤੇ ਦਿਨੀਂ ਕਸਬਾ ਝਬਾਲ ਦੇ ਕੁਝ ਦੁਕਾਨਦਾਰਾਂ ਵਲੋਂ ਇਕ ਨੌਕਰ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ ਕੀਤੀ ਗਈ ਸੀ। ਇਸ ਸਬੰਧ ’ਚ ਮੁਲਜ਼ਮਾਂ ਨੂੰ ਪੁਲੀਸ ਵਲੋਂ ਅਜੇ ਤੱਕ ਵੀ ਗ੍ਰਿਫਤਾਰ ਨਾ ਕੀਤੇ ਜਾਣ ਖਿਲਾਫ਼ ਰੋਸ ਜ਼ਾਹਿਰ ਕਰਦਿਆਂ ਮ੍ਰਿਤਕ ਦੇ ਸਮਰਥਕਾਂ ਨੇ ਲਾਸ਼ ਝਬਾਲ ਦੇ ਮੁੱਖ ਚੌਕ ਵਿੱਚ ਰੱਖ ਕੇ ਧਰਨਾ ਦਿੱਤਾ| ਭਗਵਾਨ ਵਾਲਮੀਕੀ ਏਕਤਾ ਸੰਘਰਸ਼ ਦਲ ਵਲੋਂ ਦਿੱਤੇ ਧਰਨੇ ਵਿੱਚ ਸ਼ਾਮਲ ਲੋਕਾਂ ਨੂੰ ਸੰਘਰਸ਼ ਦੇ ਦਲ ਦੇ ਆਗੂ ਬਾਬਾ ਸਾਹਿਬ ਸਿੰਘ, ਬਾਬਾ ਦਿਲਬਾਗ ਸਿੰਘ, ਬਾਬਾ ਲੱਖਾ ਜੀ ਆਦਿ ਨੇ ਸੰਬੋਧਨ ਕਰਦਿਆਂ ਪੁਲੀਸ ਵਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਕੀਤੀ ਜਾ ਰਹੀ ਢਿੱਲਮੱਠ ਦੀ ਨਿਖੇਧੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਪਰਿਵਾਰ ਵਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੱਕ ਲਾਸ਼ ਦਾ ਸਸਕਾਰ ਨਹੀਂ ਕੀਤਾ ਜਾਵੇਗਾ| ਧਰਨਾਕਾਰੀਆਂ ਨੂੰ ਡੀਐਸਪੀ ਸੁੱਚਾ ਸਿੰਘ ਬਲ ਵਲੋਂ 10 ਦਿਨਾਂ ਦੇ ਅੰਦਰ-ਅੰਦਰ ਗ੍ਰਿਫਤਾਰ ਕੀਤੇ ਜਾਣ ਦਾ ਯਕੀਨ ਦਿਵਾਇਆ ਗਿਆ ਜਿਸ ’ਤੇ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ| ਦੱਸਣਯੋਗ ਹੈ ਕਿ ਬੀਤੇ ਐਤਵਾਰ ਨੂੰ ਦੁਕਾਨਦਾਰਾਂ ਨੇ ਨੌਕਰ ਸ਼ਰਨਜੀਤ ਸਿੰਘ ’ਤੇ ਸਾਮਾਨ ਚੋਰੀ ਕਰਨ ਦਾ ਦੋਸ਼ ਲਗਾ ਕੇ ਮਾਰਕੁੱਟ ਕੀਤੀ ਗਈ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ। ਇਸ ਸਬੰਧੀ ਝਬਾਲ ਪੁਲੀਸ ਨੇ ਪੰਜ ਦੁਕਾਨਦਾਰਾਂ ਬਿਕਰਮਜੀਤ ਸਿੰਘ, ਉਸ ਦੇ ਰਿਸ਼ਤੇਦਾਰ ਇੰਦਰਜੀਤ ਸਿੰਘ, ਜੱਜਬੀਰ ਸਿੰਘ, ਹਰਜੀਤ ਸਿੰਘ ਅਤੇ ਭੁਪਿੰਦਰ ਸਿੰਘ ਖਿਲਾਫ਼ ਦਫ਼ਾ 302 ਸਮੇਤ ਹੋਰ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ| ਪੁਲੀਸ ਨੇ ਮੁਲਜ਼ਮ ਭੁਪਿੰਦਰ ਸਿੰਘ ਨੂੰ ਹੀ ਗ੍ਰਿਫਤਾਰ ਕੀਤਾ ਹੈ ਬਾਕੀ ਦੇ ਮੁਲਜ਼ਮ ਫਰਾਰ ਹਨ|