ਪੱਤਰ ਪ੍ਰੇਰਕ
ਪੱਟੀ, 2 ਸਤੰਬਰ
ਤਹਿਸੀਲ ਕੰਪਲੈਕਸ ਪੱਟੀ ਦੇ ਫ਼ਰਦ ਦਫ਼ਤਰ ਅੰਦਰੋਂ ਬੀਤੇ ਰਾਤ ਚੋਰਾਂ ਵੱਲੋਂ ਬੈਟਰੀਆਂ ਚੋਰੀ ਕਰ ਲਈਆਂ ਗਈਆਂ। ਜਾਣਕਾਰੀ ਦਿੰਦਿਆਂ ਫ਼ਰਦ ਕੇਂਦਰ ਦੇ ਸੁਪਰਵਾਈਜ਼ਰ ਅਵਤਾਰ ਸਿੰਘ ਨੇ ਦੱਸਿਆ ਕਿ ਬੰਦ ਹੋਏ ਸੇਵਾ ਕੇਂਦਰ ਦੀਆਂ ਬੈਟਰੀਆਂ ਸਕੈਨਰ ਤੇ ਹੋਰ ਸਾਮਾਨ ਨੂੰ ਫਰਦ ਕੇਂਦਰ ਦੇ ਦਫ਼ਤਰ ਅੰਦਰ ਰੱਖ ਲਿਆ ਗਿਆ ਸੀ ਪਰ ਬੀਤੇ ਰਾਤ ਫਰਦ ਕੇਂਦਰ ਦੇ ਬੂਹੇ ਦਾ ਕੱਚ ਤੋੜ ਕੇ ਕਮਰੇ ਅੰਦਰੋਂ 16 ਦੇ ਕਰੀਬ ਵੱਡੀਆਂ ਬੈਟਰੀਆਂ ਨੂੰ ਚੋਰੀ ਕੀਤਾ ਗਿਆ ਹੈ। ਸੁਪਰਵਾਈਜ਼ਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਇਸ ਚੋਰੀ ਦੀ ਸ਼ਿਕਾਇਤ ਕਰਨ ਲਈ ਤਹਿਸੀਲਦਾਰ ਪੱਟੀ ਦੀ ਉਡੀਕ ਕੀਤੀ ਜਾ ਰਹੀ ਹੈ। ਜਦੋਂ ਤਹਿਸੀਲਦਾਰ ਸਰਬਜੀਤ ਸਿੰਘ ਥਿੰਦ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ, ਉਹ ਦਫ਼ਤਰ ਜਾ ਕੇ ਪਤਾ ਕਰਨਗੇ।