ਦਲਬੀਰ ਸੱਖੋਵਾਲੀਆ
ਬਟਾਲਾ, 4 ਅਪਰੈਲ
ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਤਿਹਾਸਕ ਸ਼ਹਿਰ ਬਟਾਲਾ ਦੀ ਵਿਰਾਸਤੀ ਦਿੱਖ ਸਵਾਰਨ ਲਈ ਉਪਰਾਲੇ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਦੇ ਵਿਰਾਸਤੀ ਦਰਵਾਜ਼ਿਆਂ ਦੀ ਦਿੱਖ ਨਿਖਾਰਨ ਲਈ 20 ਲੱਖ ਰੁਪਏ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਦਰਵਾਜ਼ਿਆਂ ਦੀ ਮੁਰੰਮਤ ਦੇ ਟੈਂਡਰ ਅਲਾਟ ਹੋ ਚੁੱਕੇ ਹਨ ਅਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਬਟਾਲਾ ਸ਼ਹਿਰ ਦੇ ਨਹਿਰੂ ਦਰਵਾਜ਼ੇ (ਤੇਲੀ ਦਰਵਾਜ਼ੇ), ਖਜ਼ੂਰੀ ਦਰਵਾਜ਼ੇ, ਕਪੂਰੀ ਦਰਵਾਜ਼ੇ ਅਤੇ ਅੱਚਲੀ ਦਰਵਾਜ਼ੇ ਦੀ ਮੁਰੰਮਤ ਕਰਨ ਦੇ ਨਾਲ ਇਨ੍ਹਾਂ ਦਰਵਾਜ਼ਿਆਂ ਨੂੰ ਖੂਬਸੂਰਤ ਦਿੱਖ ਦਿੱਤੀ ਜਾਵੇਗੀ। ਸ਼ਹਿਰ ਦਾ ਇਤਿਹਾਸਕ ਹਾਥੀ ਦਰਵਾਜ਼ਾ ਜੋ ਕਿ ਖਤਮ ਹੋ ਚੁੱਕਾ ਹੈ, ਉਸ ਨੂੰ ਮੁੜ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਨ 1711 ਅਤੇ 1715 ਵਿੱਚ ਦੋ ਵਾਰ ਫ਼ਤਹਿ ਹਾਸਲ ਕਰ ਕੇ ਇਸੇ ਦਰਵਾਜ਼ੇ ਵਿੱਚੋਂ ਬਟਾਲਾ ਸ਼ਹਿਰ ਵਿਚ ਪ੍ਰਵੇਸ਼ ਕੀਤਾ ਸੀ। ਸ੍ਰੀ ਬਾਜਵਾ ਨੇ ਕਿਹਾ ਕਿ ਸਰਕਾਰ ਇਸ ਪੁਰਾਤਨ ਸ਼ਹਿਰ ਦੀ ਇਤਿਹਾਸਕ ਮਹੱਤਤਾ ਨੂੰ ਬਰਕਰਾਰ ਰੱਖੇਗੀ। ਰਾਜਾ ਰਾਮਦੇਓ ਭੱਟੀ ਨੇ ਸੰਨ 1465 ਵਿੱਚ ਬਟਾਲਾ ਸ਼ਹਿਰ ਦੀ ਨੀਂਹ ਰੱਖੀ ਸੀ ਅਤੇ ਇਸ ਸ਼ਹਿਰ ਦੇ 12 ਦਰਵਾਜ਼ੇ ਬਣਾਏ ਗਏ ਸਨ। ਇਨ੍ਹਾਂ ਦਰਵਾਜ਼ਿਆਂ ਦੇ ਨਾਮ ਖਜ਼ੂਰੀ ਦਰਵਾਜ਼ਾ (ਇਸ ਗੇਟ ਨੂੰ ਮਹਾਰਾਜਾ ਸ਼ੇਰ ਸਿੰਘ ਦਰਵਾਜ਼ਾ ਵੀ ਕਿਹਾ ਜਾਂਦਾ ਸੀ), ਪੁਰੀਆਂ ਮੋਰੀ ਦਰਵਾਜ਼ਾ, ਪਹਾੜੀ ਦਰਵਾਜ਼ਾ, ਕਪੂਰੀ ਦਰਵਾਜ਼ਾ, ਮੀਆਂ ਦਰਵਾਜ਼ਾ (ਇਸ ਦਰਵਾਜ਼ੇ ਨੂੰ ਨਸੀਰ-ਉੱਲ-ਹੱਕ ਦਰਵਾਜ਼ਾ ਵੀ ਕਿਹਾ ਜਾਂਦਾ ਸੀ) , ਅੱਚਲੀ ਦਰਵਾਜ਼ਾ, ਹਾਥੀ ਦਰਵਾਜ਼ਾ, ਕਾਜ਼ੀ ਮੋਰੀ ਦਰਵਾਜ਼ਾ, ਠਠਿਆਰੀ ਦਰਵਾਜ਼ਾ, ਭੰਡਾਰੀ ਦਰਵਾਜ਼ਾ, ਓਹਰੀ ਦਰਵਾਜ਼ਾ ਅਤੇ ਤੇਲੀ ਦਰਵਾਜ਼ਾ (ਹੁਣ ਇਸ ਨੂੰ ਸ਼ੇਰਾਂ ਵਾਲਾ ਗੇਟ ਅਤੇ ਨਹਿਰੂ ਗੇਟ ਵੀ ਕਹਿੰਦੇ ਹਨ) ਸ਼ਾਮਲ ਹਨ।
12 ਦਰਵਾਜ਼ਿਆਂ ਵਿੱਚੋਂ ਪੰਜ ਦਰਵਾਜ਼ੇ ਹੀ ਬਚੇ
ਬਟਾਲਾ ਦੇ 12 ਸ਼ਾਹੀ ਦਰਵਾਜ਼ਿਆਂ ਵਿੱਚੋਂ ਇਸੇ ਵੇਲੇ ਸਿਰਫ ਪੰਜ ਦਰਵਾਜ਼ੇ ਹੀ ਬਚੇ ਹਨ। ਵੇਰਵਿਆਂ ਅਨੁਸਾਰ ਤੇਲੀ ਦਰਵਾਜ਼ਾ, ਖਜ਼ੂਰੀ ਦਰਵਾਜ਼ਾ, ਅੱਚਲੀ ਦਰਵਾਜ਼ਾ, ਕਪੂਰੀ ਦਰਵਾਜ਼ਾ ਅਤੇ ਭੰਡਾਰੀ ਦਰਵਾਜ਼ਾ ਹੀ ਬਚੇ ਹਨ ਜਦਕਿ ਬਾਕੀ 7 ਦਰਵਾਜ਼ੇ ਨਸ਼ਟ ਹੋ ਚੁੱਕੇ ਹਨ। ਨਸ਼ਟ ਹੋਣ ਵਾਲਿਆਂ ਵਿੱਖ ਹਾਥੀ ਦਰਵਾਜ਼ਾ ਵੀ ਸ਼ਾਮਲ ਹੈ।