ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 6 ਨਵੰਬਰ
ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵੱਲੋਂ ਅੱਜ ਬਲਾਕ ਧਾਰੀਵਾਲ ਦੇ ਪਿੰਡ ਪਸਨਾਵਾਲ, ਨਵਾਂ ਪਸਨਾਵਾਲ, ਡੇਹਰੀਵਾਲ ਦਰੋਗਾ, ਧਾਰੀਵਾਲ ਕਲਾਂ, ਪਿੰਡ ਖੁੰਡਾ, ਰਣੀਆਂ ਅਤੇ ਬੜੋਏ ਵਿੱਚ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ ਗਏ। ਪਿੰਡ ਪਸਨਾਵਾਲ ਦੇ ਰਿੰਗ ਰੋਡ ਸੜਕ ਅਤੇ ਪਿੰਡ ਪਸਨਾਵਾਲ ਤੋਂ ਪਿੰਡ ਖਾਨਮਲੱਕ ਤੇ ਪਿੰਡ ਧਾਰੀਵਾਲ ਕਲਾਂ ਨੂੰ ਜਾਂਦੀਆਂ ਲਿੰਕ ਸੜਕਾਂ ਜੋ ਕਿ ਅਜੇ ਤੱਕ ਕੱਚੀਆਂ ਸਨ, ਨੂੰ ਪ੍ਰੀਮਿਕਸ ਪਾ ਕੇ ਬਣਾਉਣ ਦਾ ਨੀਂਹ ਪੱਥਰ ਰੱਖਿਆ। ਪਿੰਡ ਪਸਨਾਵਾਲ ਦੇ ਕਬਰਸਤਾਨ ਤੇ ਸ਼ਮਸ਼ਾਨਘਾਟ ਦੇ ਗ੍ਰਾਮ ਪੰਚਾਇਤ ਦੁਆਰਾ ਕਰਵਾਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਪਿੰਡ ਨਵਾਂ ਪਸਨਾਵਾਲ ਦੀ ਪੱਤੀ ਹਾਰਨੀਆਂ ਵਾਲੇ ਸ਼ਮਸ਼ਾਨਘਾਟ ਕੋਲੋਂ ਵੱਖ ਵੱਖ ਡੇਰਿਆਂ ਨੂੰ ਜੋੜਦੀ ਲਗਪਗ ਢਾਈ ਕਿੱਲੋਮੀਟਰ ਲੰਬੀ ਲਿੰਕ ਸੜਕ ਦੀ ਮੁਰੰਮਤ ਕਰਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਪਿੰਡਾਂ ਦੇ ਸਰਪੰਚਾਂ ਨੂੰ ਧੜੇਬੰਦੀ ਤੋਂ ਉਪਰ ਉੱਠ ਕੇ ਬਿਨਾਂ ਪੱਖਪਾਤ ਵਿਕਾਸ ਕਾਰਜ ਕਰਵਾਉਣੇ ਚਾਹੀਦੇ ਹਨ ਕਿਉਂਕਿ ਸਰਪੰਚ ਸਾਰਾ ਪਿੰਡਾਂ ਦਾ ਸਾਂਝਾ ਹੁੰਦਾ ਹੈ। ਪਿੰਡਾਂ ਵਿੱਚ ਡੇਰਿਆਂ ਨੂੰ ਜੋੜਦੀਆਂ ਕੱਚੀਆਂ ਲਿੰਕ ਸੜਕਾਂ ਪੱਕੀਆਂ ਬਣਾਉਣ ਦੀ ਮੰਗ ਸਬੰਧੀ ਵਿਧਾਇਕ ਬਾਜਵਾ ਨੇ ਕਿਹਾ ਕਿ ਉਹ ਅਗਲੇ ਹਫਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਹਲਕੇ ਅੰਦਰ ਰਹਿੰਦੀਆਂ ਕੱਚੀਆਂ ਲਿੰਕ ਸੜਕਾਂ ਨੂੰ ਪੱਕਿਆਂ ਕਰਨ ਲਈ ਵਿਸ਼ੇਸ਼ ਮਨਜ਼ੂਰੀ ਲੈ ਕੇ ਆਉਣਗੇ। ਇਸ ਮੌਕੇ ਸਰਪੰਚ ਹਰਦਿਆਲ ਸਿੰਘ, ਸਰਪੰਚ ਦਿਲਬਾਗ ਸਿੰਘ, ਸਰਪੰਚ ਗੁਰਮੁਖ ਸਿੰਘ, ਸੰਦੀਪ ਸਿੰਘ, ਰਛਪਾਲ ਸਿੰਘ ਢਿੱਲੋਂ ਆਦਿ ਮੌਜੂਦ ਸਨ।