ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 15 ਫਰਵਰੀ
ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਸੇਖਵਾਂ ਦੇ ਹੱਕ ਵਿੱਚ ਬਲਾਕ ਧਾਰੀਵਾਲ ਦੇ ਪਿੰਡ ਖੁੰਡੀ ਵਿੱਚ ਸਰਪੰਚ ਜਤਿੰਦਰ ਕੌਰ ਦੀ ਅਗਵਾਈ ਹੇਠ ਭਰਵੀਂ ਚੋਣ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਜਗਰੂਪ ਸੇਖਵਾਂ ਨੇ ਕਿਹਾ ਦੇਸ ਦੀ ਆਜ਼ਾਦੀ ਦੇ ਸਾਢੇ ਸੱਤ ਦਹਾਕੇ ਬੀਤਣ ਦੇ ਬਾਵਜੂਦ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਅੱਜ ਵੀ ਪੰਜਾਬ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਸ੍ਰੀ ਸੇਖਵਾਂ ਨੇ ਕਿਹਾ ਪਿਛਲੇ ਦਸ ਸਾਲਾਂ ਕਾਦੀਆਂ ਹਲਕੇ ਤੋਂ ਲਗਾਤਾਰ 10 ਸਾਲ ਕਾਂਗਰਸੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਸ੍ਰੀਮਤੀ ਚਰਨਜੀਤ ਕੌਰ ਬਾਜਵਾ ਪੰਜ ਸਾਲ ਵਿਧਾਇਕ ਰਹੇ ਅਤੇ ਫਿਰ ਮਗਰੋਂ ਪ੍ਰਤਾਪ ਦੇ ਭਰਾ ਫਤਿਹਜੰਗ ਸਿੰਘ ਬਾਜਵਾ ਨੇ ਵਿਧਾਇਕ ਰਹੇ ਹਨ ਪਰ ਬਾਜਵਾ ਪਰਿਵਾਰ ਦੀ ਅਣਦੇਖੀ ਕਾਰਨ ਹਲਕਾ ਕਾਦੀਆਂ ਵਿਕਾਸ ਪੱਖੋਂ ਬਹੁਤ ਪੱਛੜ ਚੁੱਕਾ ਹੈ। ਕਾਦੀਆਂ(ਮਕਬੂਲ ਅਹਿਮਦ): ਇਥੇ ਅਕਾਲੀ ਦਲ (ਬਾਦਲ) ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਹੈ ਕਿ ਕਾਦੀਆਂ ਦੀ ਤੱਰਕੀ ਅਕਾਲੀ ਦਲ (ਬਾਦਲ) ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਈ ਉਸਨੇ ਹੀ ਪੰਜਾਬ ਦਾ ਵਿਕਾਸ ਕੀਤਾ ਹੈ। ਕਾਦੀਆਂ ’ਚ ਜਿੰਨੇ ਵੀ ਵਿਕਾਸ ਕਾਰਜ ਹੋਏ ਹਨ, ਉਹ ਅਕਾਲੀ ਦਲ (ਬਾਦਲ) ਦੀ ਦੇਣ ਹਨ।
ਪਿਤਾ ਨੇ ਮਾਹਲ ਲਈ ਮੰਗੀ ਹਮਾਇਤ
ਧਾਰੀਵਾਲ: ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਉਸਦੇ ਪਿਤਾ ਜਰਨੈਲ ਸਿੰਘ ਮਾਹਲ ਸਾਬਕਾ ਪ੍ਰਧਾਨ ਨਗਰ ਕੌਂਸਲ ਕਾਦੀਆਂ ਨੇ ਇਥੋਂ ਨੇੜੇ ਪਿੰਡ ਪਸਨਾਵਾਲ ਸਣੇ ਇਲਾਕੇ ਦੇ ਕਈ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਘਰ-ਘਰ ਨੌਕਰੀ ਦੇਣ ਅਤੇ ਨਸ਼ਾ ਖਤਮ ਕਰਨ ਦੀਆਂ ਝੂਠੀਆਂ ਸਹੁੰਆਂ ਖਾ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਵਾਲੀ ਕਾਂਗਰਸ ਸਰਕਾਰ ਨੂੰ ਪੰਜਾਬ ਦੇ ਲੋਕ ਇਸ ਵਾਰ ਬੁਰੀ ਤਰ੍ਹਾਂ ਹਰਾਉਣਗੇ। ਉਨ੍ਹਾਂ ਕਿਹਾ ਹੁਣ ਤੱਕ ਕਾਦੀਆਂ ਹਲਕੇ ਨੇ ਬਾਜਵਾ ਪਰਿਵਾਰ ਨੂੰ 11 ਵਾਰ ਵਿਧਾਇਕ ਬਣਾਇਆ ਪਰ ਉਨ੍ਹਾਂ ਨੇ ਹਲਕੇ ਦੇ ਵਿਕਾਸ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ।