ਗੁਰਬਖਸ਼ਪੁਰੀ
ਤਰਨ ਤਾਰਨ, 24 ਜੂਨ
ਸ਼ਹਿਰ ਦੀਆਂ ਖਸਤਾ ਹਾਲ ਸੜਕਾਂ ਲੋਕਾਂ ਲਈ ਸਮੱਸਿਆਵਾਂ ਦਾ ਕਾਰਨ ਬਣਨ ਦੇ ਨਾਲ-ਨਾਲ ਆਵਾਜਾਈ ਵਿੱਚ ਵੀ ਰੁਕਾਵਟਾਂ ਪੈਦਾ ਕਰ ਰਹੀਆਂ ਹਨ| ਇੱਥੋਂ ਦੀ ਮੁੱਖ ਦੀ ਸੜਕ ਦੀ ਹਾਲਤ ਕਾਫ਼ੀ ਬਦਤਰ ਹੈ। ਇਹ ਸੜਕ ਸ਼ਹਿਰ ਦੇ ਅੰਮ੍ਰਿਤਸਰ-ਝਬਾਲ ਬਾਈਪਾਸ ਤੋਂ ਲੈ ਕੇ ਸਰਹਾਲੀ ਰੋਡ ਦੇ ਟੀ-ਪੁਆਇੰਟ ਤੱਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ| ਸੜਕ ਦੇ ਕਈ ਹਿੱਸੇ ਜ਼ਮੀਨ ਹੇਠਾਂ ਧੱਸ ਚੁੱਕੇ ਹਨ| ਕਈ ਥਾਵਾਂ ਤੋਂ ਮਿੱਟੀ ਪਾ ਕੇ ਮੁਰੰਮਤ ਕੀਤੀ ਸੜਕ ਤੋਂ ਸਾਰਾ ਦਿਨ ਉੱਡਦੀ ਧੂੜ ਆਉਂਦੇ-ਜਾਂਦੇ ਰਾਹਗੀਰਾਂ, ਆਸ-ਪਾਸ ਦੇ ਦੁਕਾਨਦਾਰਾਂ ਲਈ ਮੁਸੀਬਤ ਬਣੀ ਹੋਈ ਹੈ| ਸੀਵਰੇਜ ਦੇ ਸਾਰੇ ਦੇ ਸਾਰੇ ਮੈਨ ਹੋਲਾਂ ਦੇ ਢੱਕਣ ਜਾਂ ਤਾਂ ਸੜਕ ਤੋਂ ਉੱਚੇ ਹਨ ਜਾਂ ਫਿਰ ਜ਼ਮੀਨ ਹੇਠਾਂ ਨੂੰ ਧੱਸ ਚੁੱਕੇ ਹਨ| ਇਸ ਤੋਂ ਇਲਾਵਾ ਸ਼ਹਿਰ ਦੇ ਮੁੱਖ ਬੋਹੜੀ ਚੌਕ ਨੇੜੇ ਦਰਬਾਰ ਸਾਹਿਬ ਨੂੰ ਜਾਂਦੇ ਰਾਹ ਦੀ ਹਾਲਤ ’ਤੇ ਵੀ ਪ੍ਰਸ਼ਾਸਨ ਤਰਸ ਨਹੀਂ ਖਾ ਰਿਹਾ| ਚਾਰ ਖੰਭਾ ਚੌਕ ਤੋਂ ਲੈ ਕੇ ਨਗਰ ਕੌਂਸਲ ਦੇ ਗੇਟ ਤੱਕ ਆਉਂਦੀ ਸੜਕ ਸ਼ਹਿਰ ਦੀ ਡੂੰਘੇ ਟੋਇਆਂ ਵਾਲੀ ਸੜਕ ਹੈ| ਸ਼ਹਿਰ ਦੀਆਂ ਹੋਰਨਾਂ ਖਰਾਬ ਸੜਕਾਂ ਵਿੱਚ ਸਰਕੁਲਰ ਰੋਡ, ਸੱਚਖੰਡ ਰੋਡ, ਫੈਕਟਰੀ ਰੋਡ, ਨੂਰਦੀ ਰੋਡ, ਕਾਜੀਕੋਟ ਰੋਡ ਆਦਿ ਵੀ ਸ਼ਾਮਲ ਹਨ| ਸ਼ਹਿਰ ਵਾਸੀ ਹਰਜੀਤ ਸਿੰਘ ਰਵੀ, ਹੀਰਾ ਸਿੰਘ ਕੰਡਿਆਂਵਾਲਾ, ਨਿਰਮਲ ਸਿੰਘ, ਦਲਵਿੰਦਰ ਸਿੰਘ ਪੰਨੂ ਆਦਿ ਨੇ ਸੜਕਾਂ ਦੀ ਬਿਨਾਂ ਦੇਰੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ| ਜਮਹੂਰੀ ਕਿਸਾਨ ਸਭਾ ਦੇ ਆਗੂ ਜਸਪਾਲ ਸਿੰਘ ਝਬਾਲ ਨੇ ਕਿਹਾ ਕਿ ਜਥੇਬੰਦੀ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬਾਰੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦੇਵੇਗੀ| ਨਗਰ ਕੌਂਸਲ ਦੇ ਪ੍ਰਬੰਧਕ ਕਮ-ਐੱਸਡੀਐੱਮ ਰਜਨੀਸ਼ ਅਰੋੜਾ ਨੇ ਕਿਹਾ ਕਿ ਸੜਕਾਂ ਦੀ ਮੁਰੰਮਤ ਵੀ ਛੇਤੀ ਕੀਤੀ ਜਾ ਰਹੀ ਹੈ|