ਗੁਰਦਾਸਪੁਰ (ਨਿੱਜੀ ਪੱਤਰ ਪੇ੍ਰਕ): ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਅੱਜ ਪਿੰਡ ਬੱਬੇਹਾਲੀ ਦੇ ਖੇਡ ਸਟੇਡੀਅਮ ਵਿੱਚ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਇਕੱਤਰ ਹੋਏ ਹਲਕੇ ਦੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਇਲਾਕੇ ਵਿੱਚ ਹੋਏ ਵਿਕਾਸ ਨੂੰ ਵੇਖ ਕੇ ਵੋਟਾਂ ਪਾਉਣਗੇ। ਉਨ੍ਹਾਂ ਇਲਜ਼ਾਮ ਲਗਾਇਆ ਕਿ ਕਾਂਗਰਸ ਵੱਲੋਂ ਉਨ੍ਹਾਂ ਦੇ ਦੋ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਵਾ ਦਿੱਤੇ ਹਨ ਅਤੇ ਚੋਣਾਂ ਤੋਂ ਤਿੰਨ ਦਿਨ ਬਾਅਦ ਹੋਣ ਵਾਲੀ ਗਿਣਤੀ ਵਿੱਚ ਹੇਰਾਫੇਰੀ ਹੋਣ ਦੀ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਬਾਵਜੂਦ ਅਕਾਲੀ ਦਲ, ਕਿਸਾਨਾਂ ਦੇ ਹੱਕ ਵਿੱਚ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਉਸ ਵਿੱਚ ਆਪਣਾ ਹਰ ਸੰਭਵ ਸਮਰਥਨ ਅਤੇ ਸਹਿਯੋਗ ਜਾਰੀ ਰੱਖੇਗਾ।