ਦਲਬੀਰ ਸੱਖੋਵਾਲੀਆ
ਬਟਾਲਾ, 2 ਸਤੰਬਰ
ਪਹਿਲੀ ਪਾਤਸ਼ਾਹੀ ਦੇ ਵਿਆਹ ਪੁਰਬ ਸਮਾਗਮ ਨੂੰ ਲੈ ਕੇ ਸਨਅਤੀ ਨਗਰ ਬਟਾਲਾ ਰੌਸ਼ਨੀਆਂ ਨਾਲ ਰੁਸ਼ਨਾਇਆ ਗਿਆ ਹੈ। ਇੱਥੋਂ ਦੀਆਂ ਇਤਿਹਸਕ ਤੇ ਧਾਰਮਿਕ ਇਮਾਰਤਾਂ, ਸਵਾਗਤੀ ਗੇਟਾਂ ਅਤੇ ਬਾਜ਼ਾਰਾਂ ਨੂੰ ਵੱਖ ਵੱਖ ਰੌਸ਼ਨੀਆਂ ਨਾਲ ਸ਼ਿੰਗਾਰ ਦਿੱਤਾ ਗਿਆ ਹੈ। ਪੁਰਬ ਸਮਾਗਮ ਨੂੰ ਲੈ ਕੇ ਨਗਰ ਨਿਗਮ ਬਟਾਲਾ ਨੇ ਸ਼ਾਨਦਾਰ ਢੰਗ ਨਾਲ ਸ਼ਹਿਰ ਨੂੰ ਸਜਾਇਆ ਹੈ।
ਨਗਰ ਨਿਗਮ ਦੀ ਕਮਿਸ਼ਨਰ ਤੇ ਐੱਸਡੀਐੱਮ ਸ਼ਾਇਰੀ ਭੰਡਾਰੀ ਦੱਸਿਆ ਕਿ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਉਣ ਵੇਲੇ ਨਗਰ ਕੀਰਤਨ ਰੂਟ ਦੀ ਸ਼ਾਨਦਾਰ ਸਜਾਵਟ ਕੀਤੀ ਗਈ ਹੈ ਅਤੇ ਕੱਲ੍ਹ 3 ਸਤੰਬਰ ਨੂੰ ਨੂੰ ਗੁਰਦੁਆਰਾ ਡੇਹਰਾ ਸਾਹਿਬ ਬਟਾਲਾ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਸਬੰਧੀ ਸਮੁੱਚੇ ਰੂਟ ਤੇ ਸ਼ਹਿਰ ਅੰਦਰ ਸ਼ਾਨਦਾਰ ਸਜਾਵਟ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਾਤਾ ਸੁਲੱਖਣੀ ਜੀ ਯਾਦਗਾਰੀ ਗੇਟ, ਅੱਚਲੀ ਗੇਟ, ਸ਼ੇਰਾਂ ਵਾਲਾ ਦਰਵਾਜ਼ਾ, ਨਹਿਰੂ ਗੇਟ ਤੋਂ ਇਲਾਵਾ ਸ਼ਹਿਰ ਵਿੱਚ ਸ਼ਾਨਦਾਰ ਸਵਾਗਤੀ ਗੇਟ, ਸ਼ਹਿਰ ਦੇ ਵੱਖ-ਵੱਖ ਚੌਕਾਂ ਤੇ ਹੰਸਲੀ ਨਾਲੇ ਪੁਲ ਆਦਿ ਖੂਬਸੂਰਤ ਤਰੀਕੇ ਨਾਲ ਸ਼ਿੰਗਾਰੇ ਗਏ ਹਨ। ਕੱਲ੍ਹ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਬਟਾਲਾ ਸਥਿਤ ਗੁਰਦੁਆਰਾ ਸ਼੍ਰੀ ਡੇਹਰਾ ਸਾਹਿਬ ਤੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ। ਇਸੇ ਤਰ੍ਹਾ ਬਟਾਲਾ-ਕਾਂਦੀਆ ਰੋਡ, ਜਲੰਧਰ ਰੋਡ, ਡੇਰਾ ਬਾਬਾ ਨਾਨਕ ਰੋਡ, ਫਤਹਿਗੜ੍ਹ ਚੂੜੀਆਂ ਰੋਡ ਅਤੇ ਗੁਰਦਾਸਪੁਰ ਰੋਡ ’ਤੇ ਵੱਖ ਵੱਖ ਪਿੰਡਾਂ ਦੀ ਸੰਗਤ ਵੱਲੋਂ ਥਾਂ-ਥਾਂ ’ਤੇ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ ਹਨ ,ਉੱਥੇ ਕਈ ਥਾਵਾਂ ’ਤੇ ਸ੍ਰੀ ਅਖੰਡ ਪਾਠ ਰਖਾਏ ਗਏ ਹਨ ਜਿਨ੍ਹਾਂ ਦੇ ਭੋਗ ਸ਼ਨਿੱਚਰਵਾਰ ਨੂੰ ਪੈਣਗੇ। ਉਧਰ ਬਾਬਾ ਨਾਨਕ ਦੇਵ ਦੇ ਵਿਆਹ ਪੁਰਬ ਸਮਾਗਮ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪੁਲੀਸ ਬਟਾਲਾ ਵੱਲੋਂ ਹੋਰਨਾਂ ਜ਼ਿਲ੍ਹਿਆਂ ਤੋਂ ਪੁਲੀਸ ਨਫਰੀ ਮੰਗਵਾਈ ਗਈ ਹੈ। ਸ਼ਾਇਦ ਇਹ ਪਹਿਲੀ ਵਾਰੀ ਹੋਵੇ, ਜਦੋਂ ਪੁਲੀਸ ਨੇ ਸਮਾਜ ਵਿਰੋਧੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖਣ ਲਈ ਵੱਖ ਵੱਖ ਵਾਹਨਾਂ ’ਤੇ ਕੈਮਰੇ ਲਗਾਏ ਹਨ। ਪਿਛਲੇ ਵਿਆਹ ਪੁਰਬਾਂ ਦੇ ਮੁਕਾਬਲੇ ਇਸ ਵਾਰ ਸਥਾਨਕ ਪ੍ਰਸ਼ਾਸਨ ਵੱਲੋਂ ਸਾਫ਼ ਸਫ਼ਾਈ ਦਾ ਵੀ ਉੱਚਿਤ ਪ੍ਰਬੰਧ ਕੀਤਾ ਗਿਆ ਹੈ।
ਬਟਾਲਾ ਨਗਰ ਨਿਗਮ ਦੀ ਹਦੂਦ ’ਚ ਡਰਾਈ ਡੇਅ ਅੱਜ
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫ਼ਾਕ ਨੇ 3 ਸਤੰਬਰ ਨੂੰ ਬਟਾਲਾ ਸ਼ਹਿਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਦੇ ਮਨਾਏ ਜਾ ਰਹੇ ਵਿਆਹ ਪੁਰਬ ਦੇ ਮੱਦੇਨਜ਼ਰ ਨਗਰ ਨਿਗਮ ਬਟਾਲਾ ਦੀ ਹਦੂਦ ਅੰਦਰ ਡਰਾਈ ਡੇਅ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਹਦਾਇਤ ਕੀਤੀ ਹੈ ਕਿ ਮਿਉਂਸਿਪਲ ਦੀ ਹਦੂਦ ਅੰਦਰ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਅਤੇ ਕੋਈ ਵੀ ਵਿਅਕਤੀ ਇਸ ਦੀ ਵਿਕਰੀ ਅਤੇ ਸਟੋਰੇਜ ਨਹੀਂ ਕਰੇਗਾ। ਇਸ ਤੋਂ ਇਲਾਵਾ ਮੀਟ/ਆਂਡੇ ਦੀਆਂ ਦੁਕਾਨਾਂ, ਰੇਹੜੀਆਂ ਆਦਿ ਤੇ ਮੀਟ/ਆਂਡੇ ਦੀ ਵਿਕਰੀ ਆਦਿ ’ਤੇ ਪਾਬੰਦੀ ਰਹੇਗੀ।
ਮੁੱਖ ਮੰਤਰੀ ਦੀ ਪਤਨੀ ਸਣੇ ਹੋਰ ਰਾਜਸੀ ਆਗੂ ਹੋਣਗੇ ਨਤਮਸਤਕ
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਵਿਧਾਇਕ ਸ਼ੈਰੀ ਕਲਸੀ ਨੇ ਅੱਜ ਇੱਥੇ ਦੱਸਿਆ ਕਿ ਗੁਰੂ ਨਾਨਕ ਦੇਵ ਅਤੇ ਮਾਤਾ ਸੁਲੱਖਣੀ ਦੇ ਵਿਆਹ ਪੁਰਬ ਦਿਹਾੜੇ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਲਾਲ ਚੰਦ ਕਟਾਰੂਚੱਕ ਸਮੇਤ ਹੋਰ ਰਾਜਸੀ ਆਗੂ 3 ਸਤੰਬਰ ਨੂੰ ਸੰਗਤ ਰੂਪ ਵਿੱਚ ਸਥਾਨਿਕ ਇਤਿਹਾਸਕ ਗੁਰਧਾਮਾਂ ’ਤੇ ਨਤਮਸਤਕ ਹੋਣ ਲਈ ਆ ਰਹੇ ਹਨ। ਵਿਧਾਇਕ ਕਲਸੀ ਨੇ ਦੱਸਿਆ ਕਿ ਵਿਆਹ ਪੁਰਬ ਮੌਕੇ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤੇ ਸ਼ਹਿਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ।