ਬੇਅੰਤ ਸਿੰਘ ਸੰਧੂ
ਪੱਟੀ, 13 ਅਕਤੂਬਰ
ਸੰਪ੍ਰਦਾਇ ਬਾਬਾ ਬਿਧੀਚੰਦ ਅੰਸਬੰਸ ਦੇ ਦਲ ਪੰਥ ਨਿਹੰਗ ਸਿੰਘ ਜਥੇਬੰਦੀ ਦੇ 12ਵੇਂ ਮੁੱਖ ਜਥੇਦਾਰ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਵੱਲੋਂ ਬਾਬਾ ਬਿਧੀਚੰਦ ਜੀ ਦੇ ਭੱਠ ਵਿੱਚ ਬੈਠਣ ਦਾ ਸਾਲਾਨਾ ਜੋੜ ਮੇਲਾ ਪੱਟੀ ਸ਼ਹਿਰ ਦੇ ਗੁਰਦੁਆਰਾ ਛਾਉਣੀ ਸਾਹਿਬ ਅੰਦਰ ਸਿੱਖ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਸੰਪ੍ਰਦਾਇ ਬਾਬਾ ਬਿਧੀਚੰਦ ਜੀ ਦਲ ਪੰਥ ਦੇ ਮੁਖੀ ਸੱਚਖੰਡ ਵਾਸੀ ਬਾਬਾ ਸੋਹਣ ਸਿੰਘ ਵੱਲੋਂ ਇਹ ਸਾਲਾਨਾ ਜੋੜ ਮੇਲਾ ਸ਼ੁਰੂ ਕੀਤਾ ਗਿਆ ਸੀ ਅਤੇ ਸੱਚਖੰਡ ਵਾਸੀ ਜਥੇਦਾਰ ਬਾਬਾ ਦਇਆ ਸਿੰਘ ਸੁਰਸਿੰਘ ਵਾਲਿਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਇਹ ਜੋੜ ਮੇਲਾ ਮਨਾਇਆ ਜਾਂਦਾ ਰਿਹਾ ਹੈ।
ਜੋੜ ਮੇਲੇ ਸਬੰਧੀ ਜਥੇਦਾਰ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮਾਂ ’ਤੇ ਪੱਟੀ ਤੋਂ ਦੁਸ਼ਾਲੇ ਲਿਜਾਣ ਸਮੇਂ ਬਾਬਾ ਬਿਧੀ ਚੰਦ ਜੀ ਬੱਲਦੇ ਭੱਠ ਵਿੱਚ ਬੈਠੇ ਸਨ। ਇਸ ਇਤਿਹਾਸਕ ਦਿਨ ਦਾ ਜੋੜ ਮੇਲਾ ਮਨਾਉਣ ਸਬੰਧੀ ਗੁਰਦੁਆਰਾ ਬਾਬਾ ਬਿਧੀਚੰਦ ਛਾਉਣੀ ਸਾਹਿਬ (ਖੂਹ ਵਾਲਾ) ਪੱਟੀ ਅੰਦਰ ਅਖੰਡ ਪਾਠ ਆਰੰਭ ਕਰ ਦਿੱਤੇ ਗਏ ਹਨ ਅਤੇ 14 ਅਕਤੂਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਖੁੱਲੇ ਦੀਵਾਨ ਸਜਾਏ ਜਾਣਗੇ। ਜਥੇਦਾਰ ਬਾਬਾ ਅਵਤਾਰ ਸਿੰਘ ਨੇ ਕਿਹਾ ਕਿ ਬਾਬਾ ਬਿਧੀ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮਾਂ ’ਤੇ ਲਾਹੌਰ ਦੇ ਸ਼ਾਹੀ ਕਿਲ੍ਹੇ ਅੰਦਰੋਂ ਦੋ ਘੋੜੇ ਖੋਹ ਕੇ ਲਿਆਂਦੇ ਸਨ ਅਤੇ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੁਗਲਾਂ ਨਾਲ ਲੜੀਆਂ ਗਈਆਂ ਜੰਗਾਂ ਅੰਦਰ ਤਲਵਾਰ ਦੇ ਜੌਹਰ ਵਿਖਾਉਂਦਿਆਂ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਸਨ। ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬਿਧੀਚੰਦ ਜੀ ਨੂੰ ਬਖਸ਼ਿਸ਼ ਦਿੰਦਿਆਂ ‘ਬਿਧੀਚੰਦ ਛੀਨਾ ਗੁਰੂ ਕਾ ਸੀਨਾ’ ਅਤੇ ‘ਬਹਾਦਰ ਬਾਬਾ ਬਿਧੀਚੰਦ’ ਦਾ ਖਿਤਾਬ ਦਿੱਤਾ ਗਿਆ ਸੀ। ਜੋੜ ਮੇਲੇ ਸਬੰਧੀ ਗੱਲਬਾਤ ਕਰਦਿਆਂ ਬਾਬਾ ਪ੍ਰੇਮ ਸਿੰਘ ਸੁਰਸਿੰਘ ਅਤੇ ਸੇਵਾਦਾਰ ਕੁਲਦੀਪ ਸਿੰਘ ਬੇਗੇਪੁਰ ਤੇ ਕ੍ਰਿਪਾਲ ਸਿੰਘ ਬੁੱਟਰ ਪੱਟੀ ਨੇ ਦੱਸਿਆ ਕਿ ਨਿਹੰਗ ਸਿੰਘ ਜਥੇਬੰਦੀ ਵੱਲੋਂ ਬਾਬਾ ਬਿਧੀਚੰਦ ਦੇ ਸਮੇਂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਜੋੜ ਮੇਲੇ ਅੰਦਰ ਸਿੱਖ ਪੰਥ ਦੇ ਮਹਾਨ ਕਥਾਵਾਚਕ ਕਵਿਸ਼ਰਾਂ ਵੱਲੋਂ ਸੰਗਤਾਂ ਨੂੰ ਗੁਰੂ ਜਸ ਸੁਣਾ ਕਿ ਨਿਹਾਲ ਕੀਤਾ ਜਾਵੇਗਾ ਅਤੇ ਨਿਹੰਗਾਂ ਸਿੰਘਾਂ ਵੱਲੋਂ ਗਤੱਕੇ ਤੇ ਜੌਹਰ ਦਿਖਾਏ ਜਾਣਗੇ। ਜੋੜ ਮੇਲੇ ਦੀ ਸਮਾਪਤੀ ’ਤੇ ਕਬੱਡੀ ਦਾ ਮਹਾਂ ਕੁੰਭ ਹੋਵੇਗਾ।