ਪੱਤਰ ਪ੍ਰੇਰਕ
ਭਿੱਖੀਵਿੰਡ, 2 ਮਈ
ਜ਼ਿਲ੍ਹਾ ਤਰਨ ਤਾਰਨ ਦੇ ਪੱਟੀ ਸ਼ਹਿਰ ਦੇ ਰਹਿਣ ਵਾਲੇ ਆਯੂਸ਼ ਸ਼ਰਮਾ ਨੇ ‘ਇੰਡੀਆ ਬੁੱਕ ਆਫ ਰਿਕਾਰਡ’ ’ਚ 100 ਕਿਲੋ ਬੈਂਚ ਪ੍ਰੈੱਸ ਦੇ 30 ਸਕਿੰਡ ਵਿਚ 16 ਵਾਰ ਵੇਟ ਚੁੱਕ ਕੇ ਆਨਲਾਈਨ ਆਪਣੇ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਇਆ ਹੈ। ਖਿਡਾਈ ਦੀ ਇਸ ਪ੍ਰਾਪਤੀ ’ਤੇ ਮਾਤਾ-ਪਿਤਾ ਸਮੇਤ ਹੋਰਾਂ ਲੋਕਾਂ ਨੇ ਮਾਣ ਮਹਿਸੂਸ ਕੀਤਾ ਹੈ ਅਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਮਠਿਆਈ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ। ਇਸ ਮੌਕੇ ਆਯੂਸ਼ ਸ਼ਰਮਾ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਅਥਲੈਟਿਕਸ ਅਤੇ ਵੇਟ ਲਿਫਟਿੰਗ ਦਾ ਸ਼ੌਂਕ ਸੀ, ਜਿਸ ਦੇ ਚੱਲਦੇ ਅੱਜ ਉਸਨੇ ਇਹ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਸਾਡੇ ਵਰਗੇ ਹੋਣਹਾਰ ਖਿਡਾਰੀਆਂ ਲਈ ਸਰਕਾਰ ਮਾਲੀ ਸਹਾਇਤਾ ਕਰੇ ਤਾਂ ਜੋ ਉਹ ਆਰਥਿਕ ਤੌਰ ’ਤੇ ਖੇਡਾਂ ਨੂੰ ਸਮਰਪਿਤ ਹੋ ਕੇ ਆਪਣੇ ਦੇਸ਼ ਲਈ ਕੁਝ ਕਰ ਸਕਣ। ਇਸ ਮੌਕੇ ਆਯੂਸ਼ ਸ਼ਰਮਾ ਦੀ ਮਾਤਾ ਸੁਮਨ ਸ਼ਰਮਾ ਨੇ ਆਪਣੇ ਪੁੱਤਰ ਲਈ ਹੋਰ ਮੁਕਾਮ ਹਾਸਲ ਕਰਨ ਦੀ ਕਾਮਨਾ ਵੀ ਕੀਤੀ।