ਪੱਤਰ ਪ੍ਰੇਰਕ
ਪਠਾਨਕੋਟ, 31 ਅਕਤੂਬਰ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਕਮ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਵੱਲੋਂ ਇੰਪਾਵਰਮੈਂਟ ਆਫ ਸਿਟੀਜ਼ਨ ਅਤੇ ਹੱਕ ਸਾਡਾ ਵੀ ਹੈ, ਮੁਹਿੰਮ ਤਹਿਤ ਪੈਨਲ ਐਡਵੋਕੇਟਾਂ ਅਤੇ ਪੀਐਲਵੀਜ਼ ਦੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਨੇ ਦੱਸਿਆ ਕਿ ਇਹ ਮੁਹਿੰਮ 31 ਅਕਤੂਬਰ ਤੋਂ ਲੈ ਕੇ 13 ਨਵੰਬਰ ਤੱਕ ਚੱਲੇਗੀ। ਇਸ ਵਿੱਚ ਪਿੰਡਾਂ ਦੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੱਕ ਸਾਡਾ ਵੀ ਹੈ ਮੁਹਿੰਮ ਤਹਿਤ ਜੇਲ੍ਹਾਂ ਵਿੱਚ ਜਾ ਕੇ ਪੈਨਲ ਐਡਵੋਕੇਟ ਅਤੇ ਪੈਰਾ ਲੀਗਲ ਵਾਲੰਟੀਅਰ, ਕੈਦੀਆਂ ਅਤੇ ਹਵਾਲਾਤੀਆਂ ਦੀ ਸਮੱਸਿਆ ਸੁਣ ਕੇ ਉਨ੍ਹਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਲੋਕ ਜਿਨ੍ਹਾਂ ਦੀ 3 ਲੱਖ ਤੋਂ ਘੱਟ ਆਮਦਨ ਹੈ, ਅਪਾਹਜ, ਮਜ਼ਦੂਰ, ਵਿਦਿਆਰਥੀ, ਕੈਦੀ ਆਦਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਸੀਜੇਐਮ ਰੰਜੀਵ ਪਾਲ ਸਿੰਘ ਚੀਮਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਠਾਕੁਰ, ਉਪ-ਪ੍ਰਧਾਨ ਸੁਲੱਖਣ ਸਿੰਘ, ਐਡਵੋਕੇਟ ਵਿਨੋਦ ਮਹਾਜਨ, ਐਡਵੋਕੇਟ ਮੀਨਾ ਤਰਨਾਚ, ਐਡਵੋਕੇਟ ਅਨੁਜ ਪੁਰੀ ਹਾਜ਼ਰ ਸਨ।