ਪੱਤਰ ਪ੍ਰੇਰਕ
ਤਰਨ ਤਰਨ, 25 ਅਪਰੈਲ
ਇਥੋਂ ਦੇ ਇਕ ਸੁਨਿਆਰੇ ਦੀ ਦੁਕਾਨ ਕਰਦੇ ਵਿਅਕਤੀ ਨੇ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅਸਫਲ ਬਣਾ ਦਿੱਤਾ ਜਿਸ ਕਾਰਨ ਲੁਟੇਰਿਆਂ ਨੂੰ ਮੌਕੇ ਤੋਂ ਦੌੜਨ ਲਈ ਮਜਬੂਰ ਹੋਣਾ ਪਿਆ| ਸੁਨਿਆਰੇ ਗੁਰਮੀਤ ਸਿੰਘ ਨੇ ਆਪਣੀ ਹੁਸ਼ਿਆਰੀ ਨਾਲ ਨਾ ਸਿਰਫ ਲੁਟੇਰਿਆਂ ਕੋਲੋਂ ਉਨ੍ਹਾਂ ਦਾ ਪਿਸਤੌਲ ਖੋਹ ਕੇ ਆਪਣੀ ਜਾਣ ਬਚਾਈ ਬਲਕਿ ਉਸ ਨੇ ਲੁਟੇਰਿਆਂ ਵੱਲ ਆਪਣਾ ਪਿਸਤੌਲ ਤਾਣ ਕੇ ਉਨ੍ਹਾਂ ਨੂੰ ਮੌਕੇ ’ਤੇ ਆਪਣਾ ਮੋਟਰ ਸਾਈਕਲ ਛੱਡ ਕੇ ਦੌੜਨ ਲਈ ਮਜਬੂਰ ਕਰ ਦਿੱਤਾ|
ਇਕੱਤਰ ਜਾਣਕਾਰੀ ਅਨੁਸਾਰ ਇਥੋਂ ਦੀ ਰੇਲਵੇ ਰੋਡ ’ਤੇ ਦੁਕਾਨ ਕਰਦਾ ਸੁਨਿਆਰਾ ਗੁਰਮੀਤ ਸਿੰਘ ਦੁਪਹਿਰ ਵੇਲੇ ਆਪਣੀ ਦੁਕਾਨ ਅੰਦਰ ਬੈਠਾ ਕੰਮ ਕਰ ਰਿਹਾ ਸੀ ਕਿ ਉਸ ਦੀ ਦੁਕਾਨ ਦੇ ਬਾਹਰ ਦੋ ਮੋਟਰਸਾਈਕਲਾਂ ’ਤੇ ਚਾਰ ਹਥਿਆਰਬੰਦ ਲੁਟੇਰੇ ਆਏ| ਦੋ ਲੁਟੇਰੇ ਉਸ ਦੀ ਦੁਕਾਨ ਦੇ ਅੰਦਰ ਚਲੇ ਗਏ ਅਤੇ ਬਾਕੀ ਦੇ ਦੋ ਦੁਕਾਨ ਦੇ ਬਾਹਰ ਖੜ੍ਹੇ ਰਹੇ| ਇਕ ਲੁਟੇਰੇ ਵਲੋਂ ਆਪਣਾ ਪਿਸਤੌਲ ਗੁਰਮੀਤ ਸਿੰਘ ਵੱਲ ਤਾਣ ਲਿਆ ਅਤੇ ਉਹ ਗੁਰਮੀਤ ਸਿੰਘ ਨਾਲ ਗੁੱਥਮ-ਗੁੱਥਾ ਹੋਣ ਲੱਗੇ| ਸੁਨਿਆਰੇ ਗੁਰਮੀਤ ਸਿੰਘ ਨੇ ਲੁਟੇਰਿਆਂ ਦਾ ਮੁਕਾਬਲਾ ਕੀਤਾ| ਇਕ ਲੁਟੇਰੇ ਨੇ ਗੁਰਮੀਤ ਸਿੰਘ ਵੱਲ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪਿਸਤੌਲ ਦੀ ਗੋਲੀ ਅੜ ਗਈ ਅਤੇ ਗੁਰਮੀਤ ਸਿੰਘ ਨੇ ਲੁਟੇਰਿਆਂ ਦਾ ਪਿਸਤੌਲ ਖੋਹ ਲਿਆ| ਇਸ ’ਤੇ ਉਹ ਲੁਟੇਰਾ ਦੁਕਾਨ ਦੇ ਬਾਹਰ ਦੂਸਰੇ ਲੁਟੇਰਿਆਂ ਕੋਲੋਂ ਪਿਸਤੌਲ ਲੈਣ ਲਈ ਆਇਆ| ਗੁਰਮੀਤ ਸਿੰਘ ਨੇ ਲੁਟੇਰਿਆਂ ਵੱਲ ਗੋਲੀਆਂ ਚਲਾ ਦਿੱਤੀਆਂ| ਲੁਟੇਰੇ ਮੌਕੇ ’ਤੇ ਆਪਣਾ ਇਕ ਮੋਟਰਸਾਈਕਲ ਛੱਡ ਕੇ ਦੂਜੇ ਮੋਟਰਸਾਈਕਲ ’ਤੇ ਫਰਾਰ ਹੋ ਗਏ| ਇਹ ਸਾਰੀ ਵਾਰਦਾਤ ਸੁਨਿਆਰੇ ਦੀ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ|
ਥਾਣਾ ਸਿਟੀ ਦੇ ਐਸਐਚਓ ਸਬ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਬਣਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ| ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵਲੋਂ ਘਟਨਾ ਸਥਾਨ ’ਤੇ ਜਾ ਕੇ ਦੁਕਾਨਦਾਰ ਗੁਰਮੀਤ ਸਿੰਘ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਉਸ ਵਲੋਂ ਦਿਖਾਈ ਬਹਾਦੁਰੀ ਦੀ ਤਾਰੀਫ਼ ਕੀਤੀ| ਘਟਨਾ ਉਪਰੰਤ ਗੁਰਮੀਤ ਸਿੰਘ ਨੂੰ ਲੁਟੇਰਿਆਂ ਵਲੋਂ ਉਸ ਦੇ ਮੋਬਾਈਲ ’ਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ| ਇਥੇ ਦੱਸਣਯੋਗ ਹੈ ਕਿ ਸੁਨਿਆਰੇ ਦੀ ਦੁਕਾਨ ਤੋਂ ਪੁਲੀਸ ਨਾਕਾ ਕੇਵਲ ਪੰਜ ਮੀਟਰ ਦੀ ਦੂਰੀ ’ਤੇ ਹੈ|