ਪੱਤਰ ਪ੍ਰੇਰਕ
ਅਟਾਰੀ, 1 ਅਗਸਤ
ਕਰੋਨਾ ਮਹਾਂਮਾਰੀ ਕਾਰਨ ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰਾਮਨੀ) ਵੇਖਣ ਵਾਲੇ ਸੈਲਾਨੀਆਂ ਦਾ ਦਾਖਲਾ ਬੰਦ ਹੋਣ ਮਗਰੋਂ ਹੁਣ ਇੱਕ ਵਾਰ ਫਿਰ ਸੈਲਾਨੀਆਂ ਦੀਆਂ ਰੌਣਕਾਂ ਵਾਪਸ ਪਰਤਦੀਆਂ ਦਿਖਾਈ ਦੇਣ ਲੱਗੀਆਂ ਹਨ। ਰੀਟਰੀਟ ਸੈਰਾਮਨੀ ਸੈਲਾਨੀਆਂ ਲਈ ਅੱਜ ਵੀ ਬੰਦ ਹੈ। ਸੈਲਾਨੀ ਅਟਾਰੀ ਸਰਹੱਦ ਦੇ ਬਾਹਰ ਸੰਗਠਿਤ ਚੈੱਕ ਪੋਸਟ ਦੇ ਬਾਹਰ ਤੱਕ ਪਹੁੰਚ ਕੇ ਆਪਣੀ ਯਾਤਰਾ ਦਾ ਆਨੰਦ ਮਾਣ ਰਹੇ ਹਨ। ਗੌਰਤਲਬ ਹੈ ਕਿ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਸਰਕਾਰ ਨੇ ਮਾਰਚ 2020 ਦੇ ਪਹਿਲੇ ਹਫ਼ਤੇ ਲੌਕਡਾਊਨ ਲਗਾ ਕੇ ਅਟਾਰੀ-ਵਾਹਗਾ ਸਰਹੱਦ ਰਸਤੇ ਯਾਤਰੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਸੀ।
ਅਟਾਰੀ ਸਰਹੱਦ ਦੇ ਬਾਹਰ ਸਵਾ ਸਾਲ ਤੋਂ ਦਰਸ਼ਕਾਂ ਦੀ ਆਮਦ ਦੀ ਉਡੀਕ ਕਰ ਰਹੇ ਢਾਬਿਆਂ, ਰੇਹੜੀਆਂ ਤੇ ਹੋਰ ਵਸਤਾਂ ਵੇਚਣ ਵਾਲੇ ਵਿਕ੍ਰੇਤਾਵਾਂ ਨੇ ਸੈਲਾਨੀਆਂ ਦੇ ਕੁਝ ਦਿਨਾਂ ਤੋਂ ਅਟਾਰੀ ਸਰਹੱਦ ਤੱਕ ਪਹੁੰਚਣ ’ਤੇ ਕੁਝ ਸੁੱਖ ਦਾ ਸਾਹ ਲਿਆ ਹੈ। ਅੰਮ੍ਰਿਤਸਰ ਆਉਣ ਵਾਲੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸੈਲਾਨੀਆਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਜਿਸ ਦੇ ਚੱਲਦਿਆਂ ਛੋਟੇ-ਛੋਟੇ ਦੁਕਾਨਦਾਰਾਂ ਨੂੰ ਰੁਜ਼ਗਾਰ ਮਿਲਣ ਨਾਲ ਉਨ੍ਹਾਂ ਨੂੰ ਰੋਜ਼ੀ-ਰੋਟੀ ਕਮਾਉਣ ਦੀ ਮੁੜ ਆਸ ਬੱਝੀ ਹੈ।
ਸੈਲਾਨੀਆਂ ਤੇ ਵਿਕ੍ਰੇਤਾਵਾਂ ਨੇ ਭਾਰਤ ਸਰਕਾਰ ਤੋਂ ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਪਰੇਡ (ਰੀਟਰੀਟ ਸੈਰਾਮਨੀ) ਜਲਦੀ ਖੋਲ੍ਹਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਕੋਵਿਡ-19 ਕਾਰਨ ਮਹਾਮਾਰੀ ਫੈਲਣ ਦੇ ਡਰ ਕਾਰਨ ਅਟਾਰੀ ਸਰਹੱਦ ’ਤੇ ਰੀਟਰੀਟ ਸੈਰਾਮਨੀ ਬੰਦ ਹੋਣ ਕਾਰਨ ਇੱਥੇ ਰੋਜ਼ੀ-ਰੋਟੀ ਕਮਾਉਣ ਵਾਲੇ ਹਵਪਾਰੀਆਂ ਤੇ ਛੋਟੇ ਵਿਕਰੇਤਾਵਾਂ ਨੂੰ ਭਾਰੀ ਸੱਟ ਵੱਜੀ ਹੈ।
ਹਰਿਆਣਾ ਤੋਂ ਪਰਿਵਾਰ ਸਮੇਤ ਅਟਾਰੀ ਸਰਹੱਦ ਵੇਖਣ ਲਈ ਪਹੁੰਚੇ ਰਮਨ ਕੁਮਾਰ ਨੇ ਦੱਸਿਆ ਕਿ ਲੌਕਡਾਉਨ ਖੁੱਲ੍ਹਣ ਮਗਰੋਂ ਉਹ ਰੀਟਰੀਟ ਸੈਰਾਮਨੀ ਵੇਖਣ ਦੀ ਆਸ ਨਾਲ ਆਏ ਸਨ ਪਰ ਇੱਥੇ ਆ ਕੇ ਉਨ੍ਹਾਂ ਦਾ ਸੁਪਨਾ ਅਧੂਰਾ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਰੀਟਰੀਟ ਸੈਰਾਮਨੀ ਆਮ ਲੋਕਾਂ ਲਈ ਖੁੱਲੇਗੀ ਤਾਂ ਉਹ ਫਿਰ ਆਉਣਗੇ। ਅਟਾਰੀ ਸਰਹੱਦ ’ਤੇ ਢਾਬਾ ਚਲਾਉਣ ਵਾਲੇ ਜਗਦੀਸ਼ ਸਿੰਘ ਨੇ ਕਿਹਾ ਕਿ ਲੌਕਡਾਉਨ ਲੱਗਣ ਸਮੇਂ ਤੋਂ ਉਸਦਾ ਢਾਬਾ ਬੰਦ ਸੀ। ਉਸਦਾ ਕਾਰੋਬਾਰ ਪੂਰੀ ਤਰ੍ਹਾਂ ਅਟਾਰੀ ਸਰਹੱਦ ’ਤੇ ਆਉਣ ਵਾਲੇ ਸੈਲਾਨੀਆਂ ’ਤੇ ਨਿਰਭਰ ਹੈ। ਉਸਨੇ ਕਿਹਾ ਕਿ ਲੌਕਡਾਉਨ ਖੁੱਲ੍ਹਣ ਤੋਂ ਬਾਅਦ ਸੈਲਾਨੀਆਂ ਦੀ ਆਮਦ ’ਚ ਵਾਧਾ ਹੋ ਰਿਹਾ ਹੈ ਜਿਸ ਨਾਲ ਉਨ੍ਹਾਂ ਦੇ ਕਾਰੋਬਾਰ ਵਿੱਚ ਵਾਧਾ ਹੋਵੇਗਾ।